ਗੁਰਦੁਆਰਾ ਗੁਰੂ ਕਾ ਬਾਗ ਦੇ ਨਵੇਂ ਦਫਤਰ ਦਾ ਉਦਘਾਟਨ
ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਸਦਕਾ ਆਧੁਨਿਕ ਸਹੂਲਤਾਂ ਨਾਲ ਲੈਸ ਉਸਾਰੇ ਨਵੇਂ ਦਫਤਰ ਕੰਪਲੈਕਸ ਦੀ ਇਮਾਰਤ ਦਾ ਰਸਮੀ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਦੇ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਐਗਜੈਕਟਿਵ ਕਮੇਟੀ ਮੈਂਬਰ ਮਾ. ਅਮਰੀਕ ਸਿੰਘ ਵਿਛੋਆ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ ਵੱਲੋਂ ਕੀਤਾ ਗਿਆ। ਇਸ ਮੌਕੇ ਮੈਨੇਜਰ ਜਗਜੀਤ ਸਿੰਘ ਵਰਨਾਲੀ ਵੱਲੋਂ ਸੰਤ ਮਹਾਂਪੁਰਸ਼ਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸੇਂਟ ਕਬੀਰ ਸਕੂਲ ਦੀਆਂ ਵਾਲੀਬਾਲ ਟੀਮਾਂ ਨੇ ਤਗਮੇ ਜਿੱਤੇ
ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੀਆਂ ਲੜਕਿਆਂ ਦੀਆਂ ਅੰਡਰ-19 ਅਤੇ ਅੰਡਰ-17 ਵਾਲੀਬਾਲ ਟੀਮਾਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ 76ਵੇਂ ਪੰਜਾਬ ਰਾਜ ਜ਼ੋਨਲ ਪੱਧਰੀ ਵਾਲੀਬਾਲ ਮੁਕਾਬਲਿਆਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਪ੍ਰਿੰਸੀਪਲ ਐਸ.ਬੀ. ਨਾਇਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਜੇਤੂ ਖਿਡਾਰੀਆਂ ਅਤੇ ਡੀਪੀ ਅਧਿਆਪਕ ਦਾ ਸਕੂਲ ਪਹੁੰਚਣ ’ਤੇ ਸਵਾਗਤ ਕਰਦਿਆਂ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਡੀਪੀ ਬੇਅੰਤ ਸਿੰਘ, ਜਤਿੰਦਰ ਕੌਰ, ਦਮਨਬੀਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸਟਾਫ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ
ਈਟੀਓ ਨੇ 18 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ
ਅੰਮ੍ਰਿਤਸਰ: ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 18 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਪੇ ਹਨ। ਉਨ੍ਹਾਂ ਨੇ ਦੱਸਿਆ ਕਿ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਚੁੱਕੇ ਇਨ੍ਹਾਂ ਪਟਵਾਰੀਆਂ ਨੂੰ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤਾਇਨਾਤ ਕੀਤਾ ਜਾ ਰਿਹਾ ਹੈ। ਨਿਯੁਕਤ ਹੋਏ 18 ਪਟਵਾਰੀਆਂ ਵਿਚੋਂ 13 ਲੜਕੇ ਅਤੇ 5 ਲੜਕੀਆਂ ਹਨ, ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣ ਲਈ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਉਤੇ ਵੀ ਛੇਤੀ ਭਰਤੀ ਕੀਤੀ ਜਾਵੇਗੀ। -ਟਨਸ