ਨਾਜਾਇਜ਼ ਖਣਨ: ਸੰਘਰਸ਼ ਕਮੇਟੀ ਮੈਂਬਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਨੰਬਰ ਜਾਂਚ ਲਈ ਸਾਈਬਰ ਕਰਾੲੀਮ ਨੂੰ ਭੇਜਿਆ: ਡੀਐੱਸਪੀ
Advertisement
ਸਬ-ਡਿਵੀਜ਼ਨ ਮੁਕੇਰੀਆਂ ਦਾ ਬਲਾਕ ਹਾਜੀਪੁਰ ਅਤੇ ਤਲਵਾੜਾ ਖੇਤਰ ਨਾਜਾਇਜ਼ ਖਣਨ ਤੇ ਕਰੱਸ਼ਰ ਕਾਰੋਬਾਰੀਆਂ ਦਾ ਗੜ੍ਹ ਬਣਿਆ ਹੋਇਆ ਹੈ। ਸਥਾਨਕ ਲੋਕਾਂ ਵੱਲੋਂ ਕਰੱਸ਼ਰ ਮਾਲਕਾਂ ਦੀ ਗੁੰਡਾਗਰਦੀ ਅਤੇ ਨਾਜਾਇਜ਼ ਖੁਦਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਰੱਸ਼ਰਾਂ ਖਿਲਾਫ਼ ਬੋਲਣ ਵਾਲਿਆਂ ’ਤੇ ਪੁਲੀਸ ਮਾਮਲੇ ਦਰਜ ਕਰ ਰਹੀ ਹੈ, ਦੂਜੇ ਬੰਨੇ ਖਣਨ ਮਾਫੀਆ ਸੰਘਰਸ਼ ਕਮੇਟੀ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਹ ਦੋਸ਼ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਪ੍ਰਧਾਨ ਕੈਪਟਨ (ਰਿਟਾ.) ਰਾਜੇਸ਼ ਕੁਮਾਰ, ਸਕੱਤਰ ਮਨੋਜ ਪਲਾਹੜ, ਵਿੱਤ ਸਕੱਤਰ ਅਸ਼ੋਕ ਜਲੇਰੀਆ, ਕੈਪਟਨ (ਰਿਟਾ.) ਜੋਗਿੰਦਰ ਸਿੰਘ ਆਦਿ ਨੇ ਲਗਾਏ ਹਨ। ਆਗੂਆਂ ਕਿਹਾ ਕਿ ਖਣਨ ਮਾਫੀਏ ਨੇ ਸੰਘਰਸ਼ ਕਮੇਟੀ ਮੈਂਬਰਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਮੇਟੀ ਮੈਂਬਰ ਕੈਪਟਨ (ਰਿਟਾ.) ਮਨੋਹਰ ਲਾਲ ਨੂੰ ਦੁਬਈ ਦੇ ਨੰਬਰ 971508474065 ਤੋਂ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਇਸ ਦੀ ਲਿਖਤੀ ਸ਼ਿਕਾਇਤ ਸਥਾਨਕ ਪੁਲੀਸ ਨੂੰ ਕੀਤੀ ਹੈ। ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਕੈਪਟਨ ਮਨੋਹਰ ਲਾਲ ਨੂੰ ਧਮਕੀਆਂ ਦੇਣ ਵਾਲਾ ਮੋਬਾਇਲ ਨੰਬਰ ਜਾਂਚ ਲਈ ਸਾਈਬਰ ਕ੍ਰਾਈਮ ਨੂੰ ਭੇਜਿਆ ਹੈ। ਉਨ੍ਹਾਂ ਨੰਬਰ ਟਰੇਸ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
Advertisement
Advertisement