ਹਾਕੀ: ਸਾਈ ਸੋਨੀਪਤ ਨੇ ਰਾਊਂਡ ਗਲਾਸ ਅਕੈਡਮੀ ਨੂੰ ਹਰਾਇਆ
ਰਾਊਂਡ ਗਲਾਸ ਸਪੋਰਟਸ ਅਤੇ ਹਾਕੀ ਪੰਜਾਬ ਵੱਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਪੰਜਾਬ ਹਾਕੀ ਲੀਗ ਦੇ ਦੂਜੇ ਗੇੜ ਦੇ ਚੌਥੇ ਦਿਨ ਸਾਈ ਸੋਨੀਪਤ, ਸੁਰਜੀਤ ਅਕੈਡਮੀ, ਐੱਸ ਜੀ ਪੀ ਸੀ ਅਕੈਡਮੀ ਅਤੇ ਨੇਵਲ ਟਾਟਾ ਅਕੈਡਮੀ ਨੇ ਜਿੱਤਾਂ ਦਰਜ ਕੀਤੀਆਂ। ਦਿਨ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਸੁਰਜੀਤ ਅਕੈਡਮੀ ਜਲੰਧਰ ਨੇ ਐੱਸ ਡੀ ਏ ਟੀ ਅਕੈਡਮੀ ਤਾਮਿਲਨਾਡੂ ਨੂੰ 2-0 ਨਾਲ ਹਰਾਇਆ, ਜਿਸ ਵਿੱਚ ਚਰਨਜੀਤ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਇਸ ਤੋਂ ਬਾਅਦ ਐੱਸ ਜੀ ਪੀ ਸੀ ਅਕੈਡਮੀ ਅੰਮ੍ਰਿਤਸਰ ਨੇ ਨਾਮਧਾਰੀ ਅਕੈਡਮੀ ’ਤੇ ਪੂਰਾ ਦਬਦਬਾ ਬਣਾਉਂਦਿਆਂ 4-0 ਦੀ ਵੱਡੀ ਜਿੱਤ ਹਾਸਲ ਕੀਤੀ, ਜਿਸ ਵਿੱਚ ਕਪਤਾਨ ਦਿਲਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਦਿਨ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਸਾਈ ਸੋਨੀਪਤ ਅਤੇ ਰਾਊਂਡ ਗਲਾਸ ਅਕੈਡਮੀ ਵਿਚਾਲੇ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਸਾਈ ਸੋਨੀਪਤ ਨੇ 6-4 ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਭਰਤ ਕੌਸ਼ਿਕ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਦਿਨ ਦੇ ਆਖਰੀ ਮੈਚ ਵਿੱਚ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਗੁਮਹੇਰਾ ਅਕੈਡਮੀ ਨੂੰ 4-0 ਨਾਲ ਮਾਤ ਦਿੱਤੀ। ਆਸ਼ੀਸ ਤਨੀ ਪੂਰਤੀ ਨੂੰ ਦੋ ਗੋਲਾਂ ਲਈ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਇਸ ਦੌਰਾਨ ਓਲੰਪੀਅਨ ਕਰਨਲ ਬਲਬੀਰ ਸਿੰਘ, ਓਲੰਪੀਅਨ ਹਰਦੀਪ ਸਿੰਘ ਗਰੇਵਾਲ ਅਤੇ ਓਲੰਪੀਅਨ ਗੁਰਬਾਜ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ।