ਹਿੰਦੂ ਜਥੇਬੰਦੀਆਂ ਵੱਲੋਂ ਫਗਵਾੜਾ ਸ਼ਹਿਰ ’ਚ ਮਾਰਚ
ਜਸਬੀਰ ਸਿੰਘ ਚਾਨਾ
ਫਗਵਾੜਾ, 12 ਜੁਲਾਈ
ਇਥੋਂ ਦੇ ਪਿੰਡ ਚਾਚੋਕੀ ਵਿੱਚ ਇੱਕ ਢਾਬੇ ਦੇ ਪਿੱਛੇ ਸਥਿਤ ਇੱਕ ਕੋਲਡ ਸਟੋਰੇਜ ਤੋਂ ਵੱਡੀ ਮਾਤਰਾ ’ਚ ਗਊ ਮਾਸ ਬਰਾਮਦ ਹੋਣ ਦੇ ਮਾਮਲੇ ’ਚ ਪੁਲੀਸ ਵਲੋਂ ਬਾਕੀ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ, ਹਿੰਦੂ ਸੰਗਠਨਾਂ, ਗਊ ਭਗਤਾ ਤੇ ਵੱਖ-ਵੱਖ ਵਰਗਾ ਨੇ ਮਾਰਚ ਕਰ ਕੇ ਰੋਸ ਪ੍ਰਗਟਾਇਆ ਤੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਹ ਮਾਰਚ ਅੱਜ ਸ੍ਰੀ ਹਨੂੰਮਾਨਗੜ੍ਹੀ ਮੰਦਿਰ ਤੋਂ ਸ਼ੁਰੂ ਹੋਇਆ ਜੋ ਗਊਸ਼ਾਲਾ ਬਾਜ਼ਾਰ, ਸਰਾਏ ਰੋਡ, ਨਈਆਂ ਵਾਲਾ ਚੌਕ ਅਤੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਵਾਪਸ ਮੰਦਿਰ ਵਿੱਚ ਸਮਾਪਤ ਹੋਇਆ।
ਇਸ ਮੌਕੇ ਸੰਯੁਕਤ ਗਊ ਰੱਖਿਆ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਮਾਜ ਮੰਚ ਦੇ ਪ੍ਰਧਾਨ ਮੋਹਨ ਸਿੰਘ ਸਾਈ, ਸਰਵ ਗਊ ਸੇਵਾ ਦਲ ਗੜ੍ਹਸ਼ੰਕਰ ਦੇ ਸੁਆਮੀ ਕ੍ਰਿਸ਼ਨਾ ਨੰਦ ਮਹਾਰਾਜ, ਹਰਕ੍ਰਿਸ਼ਨ ਦੁੱਗਲ, ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ, ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਦੀਪਕ ਭਾਰਦਵਾਜ, ਗਊਸ਼ਾਲਾ ਸੰਮਤੀ ਸੂਖਚੈਨ ਸਾਹਿਬ ਦੇ ਪ੍ਰਧਾਨ ਸ਼ੰਭੂ ਦੱਤ, ਗਊਸ਼ਾਲਾ ਕਮੇਟੀ ਪ੍ਰਧਾਨ ਰਾਕੇਸ਼ ਗੋਸਾਈ ਤੇ ਰਾਜੇਸ਼ ਪਲਟਾ ਸ਼ਾਮਲ ਹੋਏ।
ਬੁਲਾਰਿਆਂ ਨੇ ਕਿਹਾ ਕਿ ਹਾਲੇ ਤੱਕ ਪੁਲੀਸ ਵਲੋਂ ਢਾਬੇ ਦੇ ਮਾਲਕ ਤੇ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਸਖ਼ਤ ਇੰਤਰਾਜ ਪ੍ਰਗਟਾਇਆ ਤੇ ਉਸਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਪੰਜਾਬ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 10 ਅਗਸਤ ਨੂੰ ਹਨੂੰਮਾਨਗੜ੍ਹੀ ਮੰਦਿਰ ਵਿੱਚ ਆਗੂਆਂ ਦੀ ਬਬਾ ਪੱਧਰੀ ਮੀਟਿੰਗ ਹੋਵੇਗੀ।
ਮਾਰਚ ’ਚ ਸਿੱਖ, ਮੁਸਲਮਾਨ ਭਾਈਚਾਰੇ ਦੇ ਆਗੂ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਉਨ੍ਹਾਂ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉੱਪਲ ਨੇ ਇਸ ਮਾਮਲੇ ’ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਬਖਸ਼ਿਆ ਜਾਵੇਗਾ ਤੇ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਬਿੱਟੂ ਨਿਹੰਗ, ਸਰਬਰ ਗੁਲਾਮ ਸੱਬਾ, ਕਾਯਰੀ ਗੈਯੂਰ ਮੁਹੰਮਦ, ਕਸਿਫ਼ ਉਰ ਰਹਮਾਨ, ਡਾ. ਸ਼ੰਭੂ ਦੱਤ, ਕਮਲ ਸਰੋਜ, ਹਰਸ਼ ਭੱਲਾ, ਸਵਾਮੀ ਰਿਸ਼ੀ ਰਾਜ, ਸਵਾਮੀ ਗੰਡੋਤਰੀ ਦਾਸ, ਮਦਨ ਮੋਹਨ ਬਜਾਜ਼ (ਗੁੱਡ), ਯੋਗੇਸ਼ ਪਰਭਾਕਰ, ਨੀਲਮ ਜਵੈਰੀ, ਤਯੱਸਵੀ ਭਾਰਦਵਾਜ, ਕੁਲਵੰਤ ਪੱਬੀ, ਗੁਰਜੀਤ ਵਾਲੀਆ ਸਮੇਤ ਵੱਡੀ ਗਿਣਤੀ ’ਚ ਸ਼ਹਿਰੀ ਸ਼ਾਮਿਲ ਸਨ।