ਫਗਵਾੜਾ ’ਚ ਹਿੰਦੂ ਆਗੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਇੱਥੇ ਅੱਜ ਸ਼ਾਮ ਵੇਲੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ-ਪ੍ਰਧਾਨ ਇੰਦਰਜੀਤ ਕਰਵਲ ਅਤੇ ਉਸ ਦੇ ਪੁੱਤਰ ਜਿਮੀ ਕਰਵਲ ’ਤੇ ਹੋਏ ਕਾਤਲਾਨਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਸ਼ਹਿਰ ਵਿੱਚ ਹਾਲਾਤ ਤਣਾਅਪੂਰਨ ਬਣ ਗਏ। ਇਹ ਹਮਲਾ ਗਊਸ਼ਾਲਾ ਰੋਡ ’ਤੇ ਕੀਤਾ ਗਿਆ। ਇਸ ਦੌਰਾਨ ਛੇ ਹਥਿਆਰਬੰਦ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਮੁਤਾਬਕ ਇਹ ਹਮਲਾ ਨਿੱਜੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਬੜੀ ਫੁਰਤੀ ਨਾਲ ਅਤੇ ਨਿਸ਼ਾਨਾ ਬਣਾ ਕੇ ਵਾਰ ਕੀਤੇ ਅਤੇ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਭੱਜਦੇ ਸਮੇਂ ਹਮਲਾਵਰਾਂ ਨੇ ਹਵਾ ਵਿੱਚ ਫਾਇਰਿੰਗ ਵੀ ਕੀਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਜਿੰਮੀ ਕਰਵਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇੰਦਰਜੀਤ ਕਰਵਲ ਨੂੰ ਵੀ ਇਲਾਜ ਲਈ ਲਿਆਂਦਾ ਗਿਆ। ਇਸ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ। ਡੀ.ਐਸ.ਪੀ.ਭਰਤ ਭੂਸ਼ਣ ਨੇ ਮੌਕਾ ਦੇਖਿਆ, ਜਦਕਿ ਫਗਵਾੜਾ ਦੀ ਐਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ। ਉਸ ਨੇ ਕਿਹਾ ਕਿ ਦੋਵੇਂ ਜਣੇ ਇਲਾਜ ਅਧੀਨ ਹਨ ਅਤੇ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਹਿੰਦੂ ਆਗੂ ਹਸਪਤਾਲ ਵਿੱਚ ਇਕੱਠੇ ਹੋਏ ਅਤੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਇਲਾਕੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਪੁਲੀਸ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਕਾਰਵਾਈ ਕਰ ਰਹੀ ਹੈ।
