ਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ
ਸੂਬੇ ਵਿੱਚ ਐਤਵਾਰ ਨੂੰ ਪਰਾਲੀ ਸਾੜਨ ਦੇ ਇਸ ਸੀਜ਼ਨ ਦੇ ਸਭ ਤੋਂ ਵੱਧ 122 ਮਾਮਲੇ ਦਰਜ ਕੀਤੇ ਗਏ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ 26 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 743 ਘਟਨਾਵਾਂ ਦਰਜ ਕੀਤੀਆਂ ਗਈਆਂ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਅੰਕੜਿਆਂ ਅਨੁਸਾਰ ਜ਼ਿਆਦਾਤਰ ਮਾਮਲੇ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸਾਹਮਣੇ ਆਏ ਹਨ। ਬਹੁਤ ਸਾਰੇ ਕਿਸਾਨ ਫ਼ਸਲਾਂ ਦੇ ਬਚੇ ਰਹਿੰਦ-ਖੂੰਹਦ ਨੂੰ ਸਾੜਨਾ ਬੰਦ ਕਰਨ ਦੀ ਸੂਬਾ ਸਰਕਾਰ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਹਫ਼ਤੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿੱਥੇ 20 ਅਕਤੂਬਰ ਤੱਕ 353 ਕੇਸ ਦਰਜ ਕੀਤੇ ਗਏ ਸਨ, ਉੱਥੇ ਹੁਣ ਇਹ ਗਿਣਤੀ 390 ਤੱਕ ਪਹੁੰਚ ਗਈ ਹੈ।
ਅੰਕੜਿਆਂ ਅਨੁਸਾਰ, ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਤਰਨ ਤਾਰਨ (224) ਵਿੱਚ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਅੰਮ੍ਰਿਤਸਰ (154), ਫਿਰੋਜ਼ਪੁਰ (80), ਸੰਗਰੂਰ (47), ਪਟਿਆਲਾ (39), ਗੁਰਦਾਸਪੁਰ (38), ਅਤੇ ਕਪੂਰਥਲਾ (29) ਵਿੱਚ ਰਿਪੋਰਟ ਕੀਤੀਆਂ ਗਈਆਂ।
ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਅਕਸਰ ਦਿੱਲੀ-ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਣ ਵਧਾਉਣ ਦਾ ਕਾਰਨ ਮੰਨਿਆ ਜਾਂਦਾ ਹੈ।
ਕਿਉਂਕਿ ਅਕਤੂਬਰ-ਨਵੰਬਰ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਹਾੜ੍ਹੀ ਦੀ ਫ਼ਸਲ ਕਣਕ ਦੀ ਬਿਜਾਈ ਲਈ ਸਮਾਂ ਬਹੁਤ ਘੱਟ ਹੁੰਦਾ ਹੈ, ਇਸ ਲਈ ਕੁਝ ਕਿਸਾਨ ਫ਼ਸਲਾਂ ਦੇ ਰਹਿੰਦ-ਖੂੰਹਦ ਨੂੰ ਜਲਦੀ ਸਾਫ਼ ਕਰਨ ਲਈ ਆਪਣੇ ਖੇਤਾਂ ਨੂੰ ਅੱਗ ਲਗਾ ਦਿੰਦੇ ਹਨ।
PPCB ਦੇ ਅੰਕੜਿਆਂ ਅਨੁਸਾਰ ਇਸ ਸਾਲ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਹੇਠ ਕੁੱਲ 31.72 ਲੱਖ ਹੈਕਟੇਅਰ ਰਕਬਾ ਹੈ। 26 ਅਕਤੂਬਰ ਤੱਕ ਇਸ ਰਕਬੇ ਦਾ 56.50 ਪ੍ਰਤੀਸ਼ਤ ਵਾਢੀ ਹੋ ਚੁੱਕੀ ਹੈ।
PPCB ਅਨੁਸਾਰ ਹੁਣ ਤੱਕ 329 ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ੇ ਵਜੋਂ 16.80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿੱਚੋਂ 12 ਲੱਖ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ।
ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਸ ਸਮੇਂ ਦੌਰਾਨ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 223 (ਜਨਤਕ ਸੇਵਕ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੀ ਅਵੱਗਿਆ) ਤਹਿਤ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਰੁੱਧ 266 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਸੂਬਾ ਅਥਾਰਿਟੀਜ਼ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡਾਂ ਵਿੱਚ 296 'ਲਾਲ' ਐਂਟਰੀਆਂ ਵੀ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 108 ਤਰਨ ਤਾਰਨ ਵਿੱਚ ਅਤੇ 68 ਅੰਮ੍ਰਿਤਸਰ ਵਿੱਚ ਹਨ।
'ਲਾਲ' ਐਂਟਰੀ ਕਿਸਾਨਾਂ ਨੂੰ ਆਪਣੀ ਖੇਤੀ ਵਾਲੀ ਜ਼ਮੀਨ ਵਿਰੁੱਧ ਕਰਜ਼ਾ ਲੈਣ ਜਾਂ ਇਸਨੂੰ ਵੇਚਣ ਤੋਂ ਰੋਕਦੀ ਹੈ।
ਅੰਕੜਿਆਂ ਅਨੁਸਾਰ,ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਹੁਣ ਤੱਕ ਪਰਾਲੀ ਸਾੜਨ ਦੀ ਕੋਈ ਘਟਨਾ ਰਿਪੋਰਟ ਨਹੀਂ ਹੋਈ, ਇਸ ਤੋਂ ਬਾਅਦ ਐੱਸ.ਬੀ.ਐੱਸ. ਨਗਰ (2), ਹੁਸ਼ਿਆਰਪੁਰ (3), ਮਲੇਰਕੋਟਲਾ (4), ਬਰਨਾਲਾ (6), ਮੋਗਾ (8), ਲੁਧਿਆਣਾ (8), ਅਤੇ ਮਾਨਸਾ (8) ਵਿੱਚ ਮਾਮਲੇ ਦਰਜ ਹੋਏ ਹਨ।
ਪੰਜਾਬ ਵਿੱਚ 2024 ਵਿੱਚ 10,909 ਅਤੇ 2023 ਵਿੱਚ 36,663 ਖੇਤੀ ਅੱਗਾਂ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜੋ ਕਿ 70 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦੀਆਂ ਹਨ। ਪੀਟੀਆਈ
