ਸਮਾਜਿਕ ਤੇ ਆਰਥਿਕ ਤਰੱਕੀ ਲਈ ਉਚੇਰੀ ਸਿੱਖਿਆ ਵੱਡਾ ਸਾਧਨ: ਕਟਾਰੀਆ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਦੇਸ਼ ਦੀ ਸਮਾਜਿਕ ਤੇ ਆਰਥਿਕ ਤਰੱਕੀ ਲਈ ਉਚੇਰੀ ਸਿੱਖਿਆ ਦੀ ਰੋਲ ਸਭ ਤੋਂ ਅਹਿਮ ਹੈ ਤੇ ਇਸ ਲਈ ਯੂਨੀਵਰਸਿਟੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਸਿੱਖਿਆ ਨੂੰ ਸਮਾਜ ਦੀ ਤਰੱਕੀ ਦਾ ਆਧਾਰ ਬਣਾਉਣ ਵੱਲ ਹੋਰ ਅਸਰਦਾਰ ਢੰਗ ਨਾਲ ਕਾਰਜ ਕਰਨਾ ਚਾਹੀਦਾ ਹੈ।
ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਉੱਤਰੀ ਭਾਰਤ ਦੇ ਯੂਨੀਵਰਸਿਟੀਆਂ ਦੇ ਉੱਪ ਕੁਲਪਤੀਆਂ ਦੀ ਇੱਕ ਕਾਨਫਰੰਸ ਦੇ ਉਦਘਾਟਨ ਮਗਰੋਂ ਸੰਬੋਧਨ ਕਰਦੇ ਹੋਏ ਸ੍ਰੀ ਕਟਾਰੀਆ ਨੇ ਕਿਹਾ ਕਿ ਦੇਸ਼ ਦੇ ਉੱਚ ਸਿੱਖਿਆ ਸੰਸਥਾਨ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰ ਰਹੇ ਹਨ ਤੇ ਯੂਨੀਵਰਸਿਟੀਆਂ ਨੂੰ ਲੋੜ ਹੈ ਕਿ ਉਹ ਕੌਮਾਂਤਰੀ ਪੱਧਰ ’ਤੇ ਚੁਣੌਤੀਆਂ ਦੇ ਟਾਕਰੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ।
ਉਨ੍ਹਾਂ ਕਿਹਾ ਕਿ ਦੇਸ਼ ’ਚ ਗੁਣਵੱਤਾ ਭਰਪੂਰ ਸਿੱਖਿਆ ਨੂੰ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ, ਜਿਸ ਲਈ ਦੇਸ਼ ’ਚ ਸਿੱਖਿਆ ਸੰਸਥਾਵਾਂ ਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪਿਛਲੇ ਦੋ ਦਹਾਕਿਆਂ ’ਚ ਸਿੱਖਿਆ ਦੇ ਖੇਤਰ ’ਚ ਕੀਤੇ ਕਾਰਜ ਲਈ ਉਸ ਦੀ ਸ਼ਲਾਘਾ ਕੀਤੀ। ਸਿੱਖਿਆ ਪਾਠਕ੍ਰਮ ਨੂੰ ਨਵੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਦੇ ਚਰਿੱਤਰ ਨਿਰਮਾਣ ’ਚ ਪਾਠਕ੍ਰਮ ਦਾ ਰੋਲ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮੁੱਖ ਮੰਤਵ ਸਮਾਜ ਦੇ ਸਰਬਪੱਖੀ ਵਿਕਾਸ ’ਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਹਰੇਕ ਨਾਗਰਿਕ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਕਾਬਲ ਬਣਾਉਣਾ ਹੈ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਕਾਨਫਰੰਸ ਦੇ ਮੰਤਵ, ਇਸ ’ਚ ਹਿੱਸਾ ਲੈ ਰਹੇ ਵਿਦਵਾਨਾਂ ਤੇ ਉਨ੍ਹਾਂ ਦੇ ਖੋਜ ਪੱਤਰਾਂ ਤੇ ਯੂਨੀਵਰਸਿਟੀਆਂ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੋ ਦਿਨਾ ਕਾਨਫਰੰਸ ਉੱਤਰੀ ਭਾਰਤ ਵਿੱਚ ਜਿੱਥੇ ਉਚੇਰੀ ਸਿੱਖਿਆ ਦੇ ਢਾਂਚੇ ਨੂੰ ਨਵਾਂ ਰੂਪ ਦੇਵੇਗੀ, ਉੱਥੇ ਭਵਿੱਖ ਵਿੱਚ ਆ ਰਹੀਆਂ ਚੁਣੌਤੀਆਂ ਦੇ ਟਾਕਰੇ ਲਈ ਦੇਸ਼ ਨੂੰ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐੱਸ ਐੱਸ ਪੀ ਗੌਰਵ ਤੂਰਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ।
ਰਾਜਪਾਲ ਗੁਰੂ ਘਰ ਨਤਮਸਤਕ ਹੋਏ
ਸ਼ਾਹਕੋਟ (ਪੱਤਰ ਪ੍ਰੇਰਕ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਧਿਆਤਮਿਕਤਾ ਦੇ ਕੇਂਦਰ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ। ਫੇਰੀ ਦੌਰਾਨ ਰਾਜਪਾਲ ਪੰਜਾਬ ਨੂੰ ਬਾਬਾ ਬਲਦੇਵ ਸਿੰਘ ਜੀ, ਸਟੇਟ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਅਤੇ ਉਘੇ ਆਰਕੀਟੈਕਟ ਰਾਜੋਧ ਸਿੰਘ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਅਧਿਆਤਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਅਧਿਆਤਮਿਕ ਮਿਸ਼ਨ ਨੂੰ ਸਾਲ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਏਕਤਾ, ਸ਼ਾਂਤੀ ਅਤੇ ਮਾਨਵਤਾ ਨੂੰ ਪ੍ਰੇਮ ਕਰਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਗੋਬਿੰਦ ਸਾਗਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ, ਜੋ ਕਿ ਮਨੁੱਖਤਾ ਦੀ ਭਲਾਈ ਲਈ ਵਿਸ਼ਵ ਪੱਧਰ ’ਤੇ ਸੇਵਾ ਨਿਭਾਅ ਰਿਹਾ ਹੈ। ਇਸ ਮੌਕੇ ਰਾਜਪਾਲ ਨੇ ਗੁਰੂ ਨਾਨਕ ਦੇਵ ਦੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਤੇ ਦਇਆ ਦੇ ਸੰਦੇਸ਼ ਦੇ ਪ੍ਰਚਾਰ ਲਈ ਬਾਬਾ ਬਲਦੇਵ ਸਿੰਘ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਸਕੱਤਰ ਟੂ ਗਵਰਨਰ ਵਿਵੇਕ ਪ੍ਰਤਾਪ ਸਿੰਘ ਵੀ ਮੌਜੂਦ ਸਨ।
