ਸਿਹਤ ਵਿਭਾਗ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਨੂੰ ਸਮਰਪਿਤ ਸਮਾਗਮ
ਸਿਹਤ ਵਿਭਾਗ ਵੱਲੋਂ ਸੰਸਥਾ ਮਾਈ ਭਾਰਤ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਵਿਸ਼ਵ ਜਨਸੰਖਿਆ ਦਿਵਸ ਨੂੰ ਸਮਰਪਿਤ ਇਕ ਸਮਾਗਮ ਸਿਵਲ ਸਰਜਨ ਦਫ਼ਤਰ ਵਿੱਚ ਕਰਵਾਇਆ ਗਿਆ। ਇਸ ਵਿਚ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਸਣੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵਿਜੈ ਅਰੋੜਾ, ਅਜੈ ਸ਼ਾਰਦਾ, ਸੁਮੇਸ਼ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਪੁਰੀ, ਪ੍ਰੋਜੈਕਟ ਪ੍ਰਬੰਧਕ ਵਿਕਰਮਪ੍ਰੀਤ ਸਿੰਘ ਆਦਿ ਸ਼ਾਮਲ ਹੋਏ। ਸਿਵਲ ਸਰਜਨ ਨੇ ਵੱਧ ਰਹੀ ਅਬਾਦੀ ਦੇ ਕਾਰਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਪ੍ਰਸਥਿਤੀਆਂ, ਰੀਤੀ ਰਿਵਾਜ, ਲਿੰਗਕ ਨਾ ਬਰਾਬਰਤਾ, ਅਨਪੜ੍ਹਤਾ ਅਤੇ ਅਗਿਆਨਤਾ ਇਸ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਾਂ ਕਾਰਨਾਂ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਨਹੀਂ ਆਉਂਦੀ, ਉਦੋਂ ਤੱਕ ਇਸ ਸਮੱਸਿਆ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਡਾ. ਰਣਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਵੱਧ ਰਹੀ ਆਬਾਦੀ ਕਾਰਨ ਕੁਦਰਤੀ ਸਰੋਤ ਜਲਵਾਯੂ ਅਤੇ ਧਰਤੀ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਸੁਚੇਤ ਕਰਦਾ ਹੈ। ਰੰਗਮੰਚ ਕਲਾਕਾਰ ਅਸ਼ੋਕ ਪੁਰੀ ਨੇ ਦੱਸਿਆ ਕਿ ਜਲਦੀ ਹੀ ਜਨਸੰਖਿਆ ਵਿਸਫ਼ੋਟ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ‘ਭੀੜ’ ਦਾ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ।