ਗੁਰੂ ਤੇਗ ਬਹਾਦਰ ਸਕੂਲ ਨੂੰ ਬੈਸਟ ਇੰਸਟੀਚਿਊਟ ਦਾ ਐਵਾਰਡ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 12 ਜੁਲਾਈ
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ (ਜੀਟੀਬੀਆਈ) ਕਲਿਆਣਪੁਰ (ਧਾਰੀਵਾਲ) ਨੂੰ ਵਰਡ ਐਜੂਕੇਸ਼ਨ ਸੁਮਿਤ ਨਵੀਂ ਦਿੱਲੀ ਵੱਲੋਂ ਬੈਂਕਾਕ (ਥਾਈਲੈਂਡ) ਵਿੱਚ ਕਰਵਾਏ ਗਏ ਸਾਲਾਨਾ 28ਵਾਂ ਵਿਸ਼ਵ ਸਕੂਲ ਸੰਮੇਲਨ ਦੌਰਾਨ ਬੈਸਟ ਇੰਸਟੀਚਿਊਟ ਆਫ ਦਾ ਯੀਅਰ-2025 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਮੇਲਨ ’ਚ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵੱਲੋਂ ਹਿੱਸਾ ਲੈਣ ਵਾਲੇ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਵਰਲਡ ਸਕੂਲ ਸਮਿਟ ਨਵੀਂ ਦਿੱਲੀ ਦੇ ਸੰਸਥਾਪਕ ਅਕਸ਼ੈ ਅਹੂਜਾ ਦੇ ਪ੍ਰਬੰਧਾਂ ਹੇਠ ਬੈਂਕਾਕ ਵਿੱਚ ਹੋਏ ਇਸ ਸੰਮੇਲਨ ਵਿੱਚ ਭਾਰਤ ਸਣੇ ਵੱਖ-ਵੱਖ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਨੇ ਹਿੱਸਾ ਲਿਆ। ਸਮਾਗਮ ਵਿੱਚ ਭਾਰਤੀ ਇੰਜਨੀਅਰ ਵਿਦਿਆਰਥੀ ਵਿਦਿਅਕ ਅਤੇ ਸੱਭਿਆਚਾਰਕ ਅੰਦੋਲਨ ਲੱਦਾਖ ਦੇ ਸੰਸਥਾਪਕ-ਨਿਰਦੇਸਕ ਸੋਨਮ ਵਾਂਗਚੁਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿੰਨ੍ਹਾਂ ਦੁਆਰਾ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਜ਼ਿਲ੍ਹਾ ਗੁਰਦਾਸਪੁਰ) ਨੂੰ ਬੈਸਟ ਇੰਸਟੀਚਿਊਟ ਆਫ ਦਾ ਯੀਅਰ-2025 ਐਵਾਰਡ ਨਾਲ ਨਿਵਾਜਿਆ ਗਿਆ ਹੈ। ਸਕੂਲ ਦੇ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਅਤੇ ਡਾ. ਕ੍ਰਿਤਇੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਂਝੇ ਤੌਰ ’ਤੇ ਦੱਸਿਆ ਲਗਾਤਾਰ 21 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਧੀਆ ਕਾਰਗੁਜਾਰੀ ਕਰਨ ’ਤੇ ਪਹਿਲਾਂ ਵੀ ਸਕੂਲ ਦੀ ਝੋਲੀ ਵਿੱਚ ਹੋਰ ਬਹੁਤ ਸਾਰੇ ਸਨਮਾਨ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਇਹ ਐਵਾਰਡ ਪ੍ਰਾਪਤ ਕਰਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਜੀ.ਟੀ.ਬੀ.ਆਈ.ਸਕੂਲ ਦੀ ਸਮੁੱਚੀ ਟੀਮ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵੱਧ ਤੋਂ ਵੱਧ ਨਿਵੇਕਲੇ ਉਪਰਾਲੇ ਕਰਨ ਅਤੇ ਆਧੁਨਿਕ ਤਕਨੀਕਾਂ ਨਾਲ ਬੱਚਿਆਂ ਨੂੰ ਵਿਦਿਆ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ।