ਗੁਰਪ੍ਰੀਤ ਘੁੱਗੀ ਹੜ੍ਹ ਪੀੜਤਾਂ ਦੀ ਮਦਦ ਲਈ ਨਿੱਤਰੇ
ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਉੱਘੇ ਹਾਸਰਸ ਤੇ ਫ਼ਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਅੱਜ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ 300 ਗੱਦੇ, 700 ਓਡੋਮੋਸ, 700 ਸੈਨੇਟਰੀ ਪੈਡ ਅਤੇ ਪਸ਼ੂਆਂ ਲਈ 30 ਟਨ ਕੈਟਲ ਫੀਡ ਰਾਹਤ ਸਮਗਰੀ ਵਜੋਂ ਦਿੱਤੇ। ਗੁਰਪ੍ਰੀਤ ਸਿੰਘ ਘੁੱਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੀ ਟੀਮ ਵੱਲੋਂ ਦਿਨ-ਰਾਤ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਘੁੱਗੀ ਨੇ ਕਿਹਾ ਕਿ ਅੱਜ ਉਹ ਪੁਆਧ ਖੇਤਰ ਦੇ ਸ਼ਹਿਰ ਮੁਹਾਲੀ ਅਤੇ ਮਨੌਲੀ ਪਿੰਡ ਤੋਂ ਆਪਣੇ ਸਾਥੀਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਆਏ ਹਨ ਅਤੇ ਉਨ੍ਹਾਂ ਨੇ ਇਹ ਰਾਹਤ ਸਮਗਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਸਹਾਇਤਾ ਕੇਂਦਰ ਵਿੱਚ ਦਿੱਤੀ ਹੈ।
ਵਿਧਾਇਕ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਜਪਾਲ ਨੂੰ ਮੰਗ ਪੱਤਰ ਦਿੱਤਾ
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਪੱਤਰ ਵਿੱਚ ੇਂਦਰ ਸਰਕਾਰ ਕੋਲੋਂ ਹੜ੍ਹ ਪੀੜ੍ਹਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦੀ ਜਿੱਥੇ ਮੰਗ ਰੱਖੀ, ਉਥੇ ਹੜ੍ਹ ਨਾਲ ਨੁਕਸਾਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਤੁਰੰਤ ਮੁਰੰਮਤ ਦੀ ਵੀ ਮੰਗ ਵੀ ਕੀਤੀ। ਉਨ੍ਹਾਂ ਨੇ ਰਾਜਪਾਲ ਜਰੀਏ ਕੇਂਦਰ ਸਰਕਾਰ ਕੋਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਆਰਥਿਕ ਸਹਾਇਤਾ ਦਾ ਪੈਕੇਜ ਮੰਗਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਰਾਵੀ ਦਰਿਆ ਦੇ ਹੜ੍ਹ ਕਾਰਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ 159 ਪਿੰਡ ਅਤੇ 1 ਲੱਖ ਤੋਂ ਵੱਧ ਵਸੋਂ ਪ੍ਰਭਾਵਿਤ ਹੋਈ ਹੈ।