ਯੂਥ ਫੈਸਟੀਵਲ ’ਚ ਜੀਟੀਬੀ ਖਾਲਸਾ ਕਾਲਜ ਨੇ 14 ਇਨਾਮ ਜਿੱਤੇ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਕਰਵਾਏ ਚਾਰ ਰੋਜ਼ਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ (ਜ਼ੋਨ-5) ਵਿੱਚ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੀਆਂ ਵਿਦਿਆਰਥਣਾਂ ਨੇ ਕੁੱਲ 14 ਇਨਾਮਾਂ ’ਤੇ ਕਬਜ਼ਾ ਕੀਤਾ ਹੈ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਰੰਗੋਲੀ ਮੁਕਾਬਲਿਆਂ ਵਿੱਚ ਸਾਨੀਆ (ਬੀਐੱਸਸੀ ਨਾਨ ਮੈਡੀਕਲ), ਗੁੱਡੀਆਂ ਪਟੋਲੇ ਬਣਾਉਣ ਵਿੱਚ ਮਨਪ੍ਰੀਤ ਕੌਰ (ਬੀਐੱਸਸੀ ਨਾਨ -ਮੈਡੀਕਲ) ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਨਵਦੀਪ ਕੌਰ (ਬੀ.ਕਾਮ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮੁਹਾਵਰੇਦਾਰ ਵਾਰਤਾਲਾਪ, ਵਿਰਾਸਤੀ ਕੁਇਜ਼ ਅਤੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਅੰਸ਼ ਭਾਰਦਵਾਜ (ਬੀ.ਏ. ਸਮੈਸਟਰ ਪਹਿਲਾ) ਨੇ ਵਿਅਕਤੀਗਤ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪੀੜ੍ਹੀ ਬਣਾਉਣ ਮੁਕਾਬਲੇ ਵਿੱਚੋਂ ਜੋਤੀ (ਐਮ.ਏ ਪੰਜਾਬੀ ਸਮੈਸਟਰ ਪਹਿਲਾ) ਅਤੇ ਇਸ਼ਮਨਪ੍ਰੀਤਕੌਰ (ਬੀ.ਐਸ.ਸੀ. ਮੈਡੀਕਲ ਸਮੈਸਟਰ ਪਹਿਲਾ) ਨੇ ਮਾਈਮ, ਔਰਤਾਂ ਦੇ ਰਵਾਇਤੀ ਗੀਤ, ਕਲਾਜ ਮੇਕਿੰਗ ਤੇ ਲੋਕ ਨਾਚ ਸੰਮੀ ਮੁਕਾਬਿਲਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਜਨਰਲ ਡਾਂਸ ਵਿਚੋਂ ਵਿਅਕਤੀਗਤ ਇਨਾਮ ਕੀਰਤੀ ਜਵਾਲੀਆ (ਬੀ.ਐੱਸ.ਸੀ. ਸਮੈਸਟਰ ਪੰਜਵਾਂ) ਦੀ ਝੋਲੀ ਪਿਆ ਜਦੋਂਕਿ ਲੋਕ ਨਾਚ ਸੰਮੀ ਵਿੱਚੋਂ ਨਵਜੋਤ ਕੌਰ ਨੇ ਵਿਅਕਤੀਗਤ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਉਪ-ਪ੍ਰਧਾਨ ਅਜਮੇਰ ਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ-ਮੈਨੇਜਰ ਦੀਪ ਗਗਨ ਸਿੰਘ ਗਿੱਲ, ਪ੍ਰਿੰਸੀਪਲ ਡਾ .ਵਰਿੰਦਰ ਕੌਰ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਵਾਈਸ ਪ੍ਰਿੰ. ਜੋਤੀ ਸੈਣੀ ਨੇ ਕੰਟੀਜੈਂਟ ਇੰਚਾਰਜ ਡਾ. ਰੁਪਿੰਦਰ ਕੌਰ ਗਿੱਲ, ਟੀਮਾਂ ਦੇ ਸਬੰਧਤ ਇੰਚਾਰਜਾਂ ਅਤੇ ਜੇਤੂ ਵਿਦਿਆਰਣਾਂ ਨੂੰ ਵਧਾਈਆਂ ਦਿੰਦਿਆ ਇੰਟਰ ਜੋਨਲ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
