ਸਰਕਾਰ ਨੇ ਨਾਕਾਮੀ ਲੁਕਾਉਣ ਲਈ ਜੂਨੀਅਰ ਅਧਿਕਾਰੀ ਮੁਅੱਤਲ ਕੀਤੇ: ਜਤਿੰਦਰ
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਮਾਧੋਪੁਰ ਹੈੱਡਵਰਕਸ ਇੱਕ ਤਕਨੀਕੀ ਨਾਕਾਮੀ ਅਤੇ ਉੱਚ ਅਧਿਕਾਰੀਆਂ ਦੀ ਅਣਗਹਿਲੀ ਦਾ ਨਤੀਜਾ ਸੀ ਕਿਉਂਕਿ ਜੇਕਰ ਰਣਜੀਤ ਸਾਗਰ ਡੈਮ ਤੇ ਫਲੱਡ ਗੇਟ ਸਮੇਂ ਸਿਰ ਖੋਲ੍ਹੇ ਗਏ ਹੁੰਦੇ ਤਾਂ ਇੰਨਾ ਜ਼ਿਆਦਾ ਨੁਕਸਾਨ ਨਾ ਹੁੰਦਾ। ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਆਪਣੀ ਨਾਕਾਮੀ ਲੁਕਾਉਣ ਅਤੇ ਉੱਚ ਅਧਿਕਾਰੀਆਂ ਨੂੰ ਬਚਾਉਣ ਲਈ ਜੂਨੀਅਰ ਅਧਿਕਾਰੀ ਮੁਅੱਤਲ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਜਦੋਂ ਪਾਣੀ ਰਣਜੀਤ ਸਾਗਰ ਡੈਮ ਤੋਂ 523 ਮੀਟਰ ’ਤੇ ਪਹੁੰਚਦਾ ਹੈ ਤਾਂ ਪਾਣੀ ਨੂੰ ਹੇਠਾਂ ਵੱਲ ਭਾਵ ਮਾਧੋਪੁਰ ਦੀ ਤਰਫ਼ ਛੱਡਿਆ ਜਾਂਦਾ ਹੈ। ਅਧਿਕਾਰੀਆਂ ਨੇ ਪਾਣੀ ਦਾ ਪੱਧਰ 527 ਮੀਟਰ ਤੱਕ ਪਹੁੰਚਣ ਮਗਰੋਂ ਹੀ ਡੈਮ ਦੇ ਗੇਟ ਖੋਲ੍ਹੇ। ਇਸ ਤਰ੍ਹਾਂ ਰਾਵੀ ਦਰਿਆ ਵਿੱਚ ਪਾਣੀ ਭਾਰੀ ਮਾਤਰਾ ਵਿੱਚ ਛੱਡਿਆ ਗਿਆ ਜਿਸ ਦੇ ਨਤੀਜੇ ਵੱਜੋਂ ਕੀਮਤੀ ਜਾਨਾਂ ਗਈਆਂ ਅਤੇ ਭਾਰੀ ਤਬਾਹੀ ਹੋਈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟੇ, ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਮਾਧੋਪੁਰ ਹੈੱਡਵਰਕਸ ’ਤੇ ਤਾਇਨਾਤ ਜੂਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰਨ ਕਰ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਬਚਾਉਣ ਲਈ ਹੇਠਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀ ਐੱਸ ਐੱਫ ਦੀਆਂ ਚੌਕੀਆਂ ਨੂੰ ਹੋਏ ਨੁਕਸਾਨ ਨੂੰ ਵੀ ਵਿਆਪਕ ਲਾਪ੍ਰਵਾਹੀ ਦਾ ਕਾਰਨ ਦੱਸਿਆ ਹੈ। ਹੁਣ ਨਵੇਂ ਬਣੇ ਪੁਲ ਦੇ ’ਤੇ ਇੱਕ ਨਵੀਂ ਬੀ ਐੱਸ ਐੱਫ ਪੋਸਟ ਬਣਾਈ ਜਾਵੇਗੀ। ਪੰਜਾਬ ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਹੜ੍ਹ ਨਹੀਂ ਸਗੋਂ ਮਨੁੱਖ ਵੱਲੋਂ ਪੈਦਾ ਕੀਤੀ ਗਈ ਤ੍ਰਾਸਦੀ ਸੀ। ਇਸ ਮੌਕ ਸਾਬਕਾ ਵਿਧਾਇਕ ਦਿਨੇਸ਼ ਬੱਬੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਆਦਿ ਮੌਜੂਦ ਸਨ।
ਮੁੜ-ਵਸੇਬੇ ਦੇ ਯਤਨ ਜਾਰੀ
ਕਪੂਰਥਲਾ (ਜਸਬੀਰ ਸਿੰਘ ਚਾਨਾ): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲੋਕਾਂ ਦੇ ਮੁੜ-ਵਸੇਬੇ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਲੋਕਾਂ ਦੀ ਸਿਹਤ ਜਾਂਚ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਮਾਲ ਡੰਗਰ ਦੀ ਵੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਸਬੰਧਤ ਐੱਸ ਡੀ ਐੱਮਜ਼ ਤੋਂ ਰਿਪੋਰਟ ਪ੍ਰਾਪਤ ਕਰਕੇ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ।ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫਸਰਾਂ ਦੀਆਂ ਟੀਮਾਂ ਵਲੋਂ ਪਿੰਡ ਆਹਲੀ ਖੁਰਦ ਵਿਖੇ ਲੋਕਾਂ ਦੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।