ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਮਰਜੈਂਸੀ ਸਥਿਤੀ ’ਚ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ ਵਚਨਬੱਧ: ਯਾਦਵ

ਪ੍ਰਬੰਧਕੀ ਸਕੱਤਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ;ਜੰਗ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ
ਪੰਜਾਬ ਸਰਕਾਰ ਦੇ ਪ੍ਰਬੰਧਕੀ ਸਕੱਤਰ ਕਮਲ ਕਿਸ਼ੋਰ ਯਾਦਵ ਅੰਮ੍ਰਿਤਸਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 12 ਮਈ

Advertisement

ਪੰਜਾਬ ਸਰਕਾਰ ਵੱਲੋਂ ਭਾਰਤ-ਪਾਕਿ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿੱਚ ਨਜ਼ਰ ਰੱਖਣ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤੇ ਗਏ ਸੀਨੀਅਰ ਅਧਿਕਾਰੀ ਤੇ ਪ੍ਰਬੰਧਕੀ ਸਕੱਤਰ  ਕਮਲ ਕਿਸ਼ੋਰ ਯਾਦਵ ਨੇ ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਜੰਗ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਮੁਲਾਂਕਣ ਕੀਤਾ। ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਸਥਿਤੀ ਉਪਰ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਸੰਭਾਵੀ ਹਵਾਈ ਜਾਂ ਡਰੋਨ ਹਮਲੇ ਜਾਂ ਜੰਗ ਦੀ ਸੂਰਤ ’ਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਹਰ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਵਾਈ ਜਾਂ ਡਰੋਨ ਹਮਲੇ ਤੇ ਜੰਗ ਸਮੇਤ ਸੋਸ਼ਲ ਮੀਡੀਆ ’ਤੇ ਜਾਂ ਕਿਸੇ ਹੋਰ ਤਰ੍ਹਾਂ ਨਾਲ ਫੈਲੀ ਅਫ਼ਵਾਹ ਤੇ ਗ਼ਲਤ ਖ਼ਬਰਾਂ ’ਤੇ ਕੋਈ ਯਕੀਨ ਨਾ ਕਰਨ ਸਗੋਂ ਸ਼ਾਂਤ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਹੋਏ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ। ਪ੍ਰਬੰਧਕੀ ਸਕੱਤਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਤੇ ਮੈਡੀਕਲ, ਖੁਰਾਕ ਤੇ ਸਿਵਲ ਸਪਲਾਈਜ਼, ਬਿਜਲੀ, ਜਲ ਸਪਲਾਈ, ਸੜਕਾਂ, ਆਵਾਜਾਈ, ਸਿੱਖਿਆ ਤੇ ਲੋੜੀਂਦੀਆਂ ਵਸਤਾਂ ਦੀ ਪੂਰਤੀ ਬਾਰੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਮੁਸਤੈਦ ਰਿਹਾ ਜਾਵੇ। ਇਸ ਤੋਂ ਬਿਨਾਂ ਸਿਵਲ, ਫ਼ੌਜ ਸਮੇਤ ਖੁਫ਼ੀਆ ਤੇ ਸਰਕਾਰੀ ਏਜੰਸੀਆਂ ਦਰਮਿਆਨ ਪੂਰਾ ਤਾਲਮੇਲ ਕਰਦੇ ਹੋਏ ਕਿਸੇ ਵੀ ਹੋਰ ਮੁੱਦੇ ਬਾਰੇ ਨਿਰੰਤਰ ਨਿਗਰਾਨੀ ਰੱਖੀ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਲੋਕਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ , ਗ਼ਲਤ ਖ਼ਬਰਾਂ ਅਤੇ ਸਮਾਜ ਤੇ ਦੇਸ਼ ਵਿਰੋਧੀ ਤੱਤਾਂ ਉਪਰ ਵੀ ਪੈਨੀ ਨਜ਼ਰ ਰੱਖੀ ਜਾਵੇ। ਸ੍ਰੀ ਯਾਦਵ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਪਾਸੋਂ, ਸਿਵਲ ਡਿਫੈਂਸ, ਮੌਕ ਡਰਿੱਲ, ਉਚੀਆਂ ਇਮਾਰਤਾਂ, ਸੁਰੱਖਿਅਤ ਥਾਵਾਂ, ਹਵਾਈ ਹਮਲੇ ਸਮੇਂ ਕਰੈਸ਼ ਬਲੈਕਆਉਟ ਤੇ ਵਜਾਏ ਜਾਣ ਵਾਲੇ ਸਾਇਰਨਾਂ ਤੇ ਲੋਕਾਂ ਨੂੰ ਸੂਚਿਤ ਕਰਨ ਲਈ ਕੀਤੇ ਪ੍ਰਬੰਧਾਂ ਸਮੇਤ ਹੋਰ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਤੋਂ ਫ਼ੌਜ ਦੀ ਸੁਰੱਖਿਅਤ ਆਵਾਜਾਈ, ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ, ਧਰਮਸ਼ਾਲਾਵਾਂ, ਹੋਟਲਾਂ ਤੇ ਹੋਰ ਰੈਣ ਬਸੇਰਿਆਂ ਦੀ ਚੈਕਿੰਗ ਕਰਨ ਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਹੁਣ ਤੱਕ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

Advertisement