ਲੜਕੀ ਦੀ ਭੇਤ-ਭਰੇ ਹਾਲਾਤ ’ਚ ਮੌਤ: ਪਰਿਵਾਰ ਵੱਲੋਂ ਇਨਸਾਫ਼ ਲਈ ਮੁਜ਼ਾਹਰਾ
ਜਾਣਕਾਰੀ ਅਨੁਸਾਰ ਬਲਵਿੰਦਰ ਬੋਧ, ਸੁਰਜੀਤ ਸਿੰਘ, ਲਖਵੀਰ ਕੁਮਾਰ, ਕੌਂਸਲਰ ਅਮਨਦੀਪ ਕੌਰ, ਡਾ. ਜਗਦੀਸ਼ ਤੇ ਰਾਜ ਨੇ ਕਿਹਾ ਕਿ ਮੁਸਕਾਨ ਤੇ ਉਸ ਦੇ ਪਤੀ ਸਨੀ ਵਿਚਾਲੇ ਕਾਫ਼ੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ, ਇਨ੍ਹਾਂ ਦੋਵਾਂ ਨੇ ਕੱਲ੍ਹ ਕੋਈ ਨਸ਼ੀਲੀ ਚੀਜ਼ ਨਿਗਲ ਲਈ। ਹਾਲਤ ਨਾਜ਼ੁਕ ਹੋਣ ’ਤੇ ਦੋਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪਹਿਲਾਂ ਜਲੰਧਰ ਰੈੱਫ਼ਰ ਕੀਤਾ ਤੇ ਫਿਰ ਮੁਸਕਾਨ ਦੀ ਹਾਲਤ ਹੋਰ ਵੀ ਵਿਗੜਣ ਕਾਰਨ ਉਸ ਨੂੰ ਡੀ.ਐੱਮ.ਸੀ ਲੁਧਿਆਣਾ ਭੇਜਿਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਪਤੀ ਸਨੀ ਉੱਪਰ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਸਨੀ ਨੇ ਮੁਸਕਾਨ ਨੂੰ ਖੂਹ ’ਤੇ ਲੈ ਜਾ ਕੇ ਕਥਿਤ ਤੌਰ ’ਤੇ ਜਬਰਦਸਤੀ ਨਸ਼ੀਲੀ ਚੀਜ਼ ਪਿਲਾਈ ਤੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਜਾਨ ਗਈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਸਨੀ ਦੇ ਕਿਸੇ ਹੋਰ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਹੀ ਘਰੇਲੂ ਝਗੜਿਆਂ ਦੀ ਵਜ੍ਹਾ ਸੀ। ਪਰਿਵਾਰਿਕ ਮੈਂਬਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।
ਇਸ ਸਬੰਧੀ ਥਾਣਾ ਰਾਵਲਪਿੰਡੀ ਦੇ ਐੱਸਐੱਚਓ ਮੇਜਰ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।