ਘਰੋਟਾ ਦਾ ਸੇਵਾ ਕੇਂਦਰ ਮੀਂਹ ਦੇ ਪਾਣੀ ਵਿੱਚ ਡੁੱਬਿਆ
ਘਰੋਟਾ ਵਿੱਚ ਸੇਵਾ ਕੇਂਦਰ ਸੜਕ ਤੋਂ ਨੀਵਾਂ ਹੋਣ ਕਾਰਨ ਬਰਸਾਤ ਦੇ ਪਾਣੀ ਵਿੱਚ ਡੁੱਬ ਗਿਆ। ਇਸ ਕਾਰਨ ਸੇਵਾ ਕੇਂਦਰ ਦੀਆਂ ਸੇਵਾਵਾਂ ਦੋ ਦਿਨ (ਸ਼ੁੱਕਰਵਾਰ ਤੇ ਸ਼ਨਿਚਰਵਾਰ) ਤੱਕ ਠੱਪ ਰਹੀਆਂ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਸੇਵਾ ਕੇਂਦਰ ਦੀ ਇਮਾਰਤ ਨੂੰ ਉੱਚਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਸੜਕ ਤੋਂ ਨੀਵਾਂ ਹੋਣ ਕਾਰਨ ਪਾਣੀ ਆਉਣ ਨਾਲ ਉਸ ’ਤੇ ਕੋਈ ਅਸਰ ਨਾ ਪਵੇ।
ਜਾਣਕਾਰੀ ਅਨੁਸਾਰ ਬਲਾਕ ਦਫ਼ਤਰ ਸਥਿਤ ਸੇਵਾ ਕੇਂਦਰ ਸੜਕ ਤੋਂ ਕਾਫ਼ੀ ਨੀਵਾਂ ਹੈ। ਇਸ ਕਾਰਨ ਸੇਵਾ ਕੇਂਦਰ ਅਤੇ ਆਸ-ਪਾਸ ਦਾ ਖੇਤਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲਾਕ ਵਿਕਾਸ ਅਤੇ ਸੰਘਰਸ਼ ਸਮਿਤੀ, ਜਾਗ੍ਰਿਤੀ ਮੰਚ ਅਤੇ ਕੰਡੀ ਬੇਟ ਵਿਕਾਸ ਮੰਚ ਦੇ ਆਗੂਆਂ ਨੇ ਕਿਹਾ ਕਿ ਬਾਰਸ਼ ਨਾਲ ਸੇਵਾ ਕੇਂਦਰ ਅਤੇ ਆਸ-ਪਾਸ ਦਾ ਖੇਤਰ ਪਾਣੀ ਵਿੱਚ ਡੁੱਬ ਜਾਂਦਾ ਹੈ। ਇਸ ਕਾਰਨ ਸੇਵਾ ਕੇਂਦਰ ਦੀਆਂ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ।
ਬੀਡੀਪੀਓ ਅਜੇ ਕੁਮਾਰ ਨੇ ਦੱਸਿਆ ਕਿ ਸਮੱਸਿਆ ਦਾ ਹੱਲ ਹੋਣ ਤੱਕ ਸੇਵਾ ਕੇਂਦਰ ਨੂੰ ਬਲਾਕ ਸਮਿਤੀ ਭਵਨ ਪਸ਼ੂ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੇਵਾ ਕੇਂਦਰ ਅਧਿਕਾਰੀ ਰੂਬਲ ਸੈਣੀ ਦਾ ਵੀ ਕਹਿਣਾ ਸੀ ਕਿ ਉਨ੍ਹਾਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਸੇਵਾ ਕੇਂਦਰ ਭਵਨ ਨੂੰ ਉੱਚਾ ਕਰਨ ਦੀ ਸਿਫ਼ਾਰਸ਼ ਕੀਤੀ ਹੈ।