ਗੈਂਗਸਟਰਾਂ ਦੇ ਕਰਿੰਦੇ ਹਥਿਆਰਾਂ ਸਣੇ ਗ੍ਰਿਫ਼ਤਾਰ
ਤਰਨ ਤਾਰਨ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਾਂਝੀ ਕਾਰਵਾਈ ਕਰਦਿਆਂ ਵਿਦੇਸ਼ੀਂ ਬੈਠੇ ਗੈਂਗਸਟਰਾਂ ਦੇ ਦੋ ਕਰਿੰਦਿਆਂ ਨੂੰ ਪੱਟੀ ਸ਼ਹਿਰ ਦੇ ਨੇੜੇ ਦੇ ਕੈਰੋਂ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਰਿੰਦਿਆਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਗਾਂਧੀ ਵਾਸੀ ਖਡੂਰ ਸਾਹਿਬ ਅਤੇ ਜਸਕਰਨ ਸਿੰਘ ਕਰਨ ਵਾਸੀ ਫੈਲੋਕੇ ਵਜੋਂ ਹੋਈ ਹੈ। ਐੱਸਐੱਸਪੀ ਨੇ ਕਿਹਾ ਕਿ ਕਾਬੂ ਕੀਤੇ ਸ਼ੱਕੀ ਵਿਅਕਤੀ ਪ੍ਰਭ ਦਾਸੂਵਾਲ ਤੇ ਗੋਪੀ ਘਨਸ਼ਾਮਪੁਰ ਦੇ ਕਹਿਣ ’ਤੇ ਵਾਰਦਾਤਾਂ ਕਰ ਰਹੇ ਸਨ, ਜਿਨ੍ਹਾਂ ਤੋਂ ਤਿੰਨ ਦੇਸੀ ਪਿਸਤੌਲ ਬਰਾਮਦ ਹੋਏ ਹਨ| ਐੱਸਐੱਸਪੀ ਮੁਤਾਬਕ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਨੇ 24 ਅਗਸਤ ਨੂੰ ਪੱਟੀ ਦੇ ਇਕ ਸਲੂਨ ਦੇ ਮਾਲਕ ਵੱਲੋਂ ਪ੍ਰਭ ਦਾਸੂਵਾਲ ਤੇ ਘਨਸ਼ਾਮਪੁਰ ਵੱਲੋਂ ਮੰਗੀ ਫ਼ਿਰੌਤੀ ਨਾ ਦੇਣ ’ਤੇ ਉਸ ਦੇ ਸਲੂਨ ਤੇ ਗੋਲੀਆਂ ਚਲਾਈਆਂ ਸਨ।
ਪਤੀ ਨਾਲ ਝਗੜੇ ’ਚ ਪਤਨੀ ਦੀ ਮੌਤ
ਫਗਵਾੜਾ: ਪਿੰਡ ਮੌਲੀ ’ਚ ਪਤੀ ਨਾਲ ਝਗੜੇ ’ਚ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੁਸ਼ਮਾ (29) ਵਜੋਂ ਹੋਈ ਹੈ। ਥਾਣਾ ਸਤਨਾਮਪੁਰਾ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ਮਾ ਤੇ ਉਸ ਦੇ ਪਤੀ ਰਾਮ ਲਗਨ ਦਾ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਸ਼ੁਸ਼ਮਾ ਦਾ ਪਤੀ ਉਸ ਨੂੰ ਕੰਮ ਕਰਨ ਤੋਂ ਰੋਕਦਾ ਸੀ ਤੇ ਨਾਜਾਇਜ਼ ਸ਼ੱਕ ਰੱਖਦਾ ਸੀ ਤੇ ਦਿਮਾਗੀ ਤੌਰ ’ਤੇ ਵੀ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਰਾਤ ਝਗੜੇ ਦੌਰਾਨ ਪਤੀ ਰਾਮ ਲਗਨ ਨੇ ਸ਼ੁਸ਼ਮਾ ਨੂੰ ਧੱਕਾ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧ ਵਿੱਚ ਮ੍ਰਿਤਕ ਸ਼ੁਸ਼ਮਾ ਦੇ ਪਤੀ ਰਾਮ ਲਗਨ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
ਨਸ਼ਾ ਤਸਕਰ ਦੀ ਉਸਾਰੀ ਢਾਹੀ
ਜਲੰਧਰ: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਨਗਰ ਨਿਗਮ ਨੇ ਕਮਿਸ਼ਨਰੇਟ ਪੁਲੀਸ ਜਲੰਧਰ ਨਾਲ ਤਾਲਮੇਲ ਕਰਕੇ ਐਤਵਾਰ ਨੂੰ ਫ਼ੱਗੂ ਮੁਹੱਲੇ ਵਿੱਚ ਇੱਕ ਨਸ਼ਾ ਤਸਕਰ ਨਾਲ ਸਬੰਧਤ ਇੱਕ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਫ਼ੱਗੂ ਮੁਹੱਲੇ ਵਿੱਚ ਰਾਹੁਲ ਕੁਮਾਰ ਉਰਫ ਚੂਹੀ ਵਾਸੀ ਮਕਾਨ ਨੰਬਰ 13 ਦੀ ਗੈਰਕਾਨੂੰਨੀ ਜਾਇਦਾਦ ਢਾਹ ਦਿੱਤੀ ਗਈ। ਰਾਹੁਲ ਕੁਮਾਰ ਉਰਫ ਚੂਹੀ ਅਤੇ ਉਸਦਾ ਭਰਾ ਸੌਰਵ ਦੋਵੇਂ ਹੀ ਨਸ਼ਾ ਤਸਕਰ ਹਨ। ਰਾਹੁਲ ਖਿਲਾਫ਼ ਪੰਜ ਜਦਕਿ ਉਸਦੇ ਭਰਾ ਸੌਰਵ ਖਿਲਾਫ਼ ਤਿੰਨ ਮੁਕੱਦਮੇ ਦਰਜ ਹਨ। -ਪੱਤਰ ਪ੍ਰੇਰਕ