ਦਸੂਹਾ ਦੇ ਵਿਕਾਸ ਕਾਰਜਾਂ ਲਈ 4.20 ਕਰੋੜ ਦੇ ਫੰਡ ਜਾਰੀ
ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਸੂਹਾ ਸ਼ਹਿਰ ਦੇ ਵਿਕਾਸ ਲਈ 4.20 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਇਸ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਨਗਰ ਕੌਂਸਲ ਦਫਤਰ ਵਿੱਚਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਨੂੰ ਦਸੂਹਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜੋ ਸੂਚੀ ਭੇਜੀ ਗਈ ਸੀ, ਉਸ ਨੂੰ ਪ੍ਰਵਾਨ ਕਰਦਿਆ ਇਹ ਫੰਡ ਨਗਰ ਕੌਂਸਲ ਨੂੰ ਜਾਰੀ ਕੀਤੇ ਗਏ ਹਨ। ਵਿਧਾਇਕ ਘੁੰਮਣ ਨੇ ਕਿਹਾ ਕਿ ਵਿਕਾਸ ਕਾਰਜ ਤੁਰੰਤ ਸ਼ੁਰੂ ਕਰਵਾਉਣ ਲਈ ਜਲਦ ਹੀ ਟੈਂਡਰ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਕਾਸ ਦੇ ਇਸ ਪੜਾਅ ਦੇ ਮੁਕੰਮਲ ਹੋਣ ਮਗਰੋਂ ਪੰਜਾਬ ਸਰਕਾਰ ਵੱਲੋਂ 3 ਕਰੋੜ ਰੁਪਏ ਦੇ ਹੋਰ ਫੰਡ ਜਾਰੀ ਕੀਤੇ ਜਾਣਗੇ, ਜਿਸ ਨਾਲ ਦਸੂਹਾ ਸ਼ਹਿਰ ਦੀ ਨੁਹਾਰ ਹੋਰ ਨਿਖਰੇਗੀ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਹਾਈਵੇਅ ’ਤੇ ਮਾਡਰਨ ਮਾਸਕ ਲਾਈਟਾਂ, ਉਸਾਰੀ ਅਧੀਨ ਨਗਰ ਕੌਂਸਲ ਦੀ ਇਮਾਰਤ, ਮਿਆਣੀ ਰੋਡ ਦੀ ਉਸਾਰੀ, ਕੌਂਸਲ ਪਾਰਕ ਦੀ ਮੁਰੰਮਤ, ਵੱਖ ਵੱਖ ਵਾਰਡਾਂ ਅਤੇ ਬਾਜ਼ਾਰਾਂ ਦੀਆਂ ਸੜਕਾਂ, ਗਲੀਆਂ ਅਤੇ ਨਾਲੀਆਂ ਦੀ ਮੁਰੰਮਤ ਆਦਿ ਸ਼ਾਮਲ ਹਨ।