ਭਗੌੜਾ ਟਰੈਵਲ ਏਜੰਟ ਗ੍ਰਿਫ਼ਤਾਰ
ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਇਕ ਟਰੈਵਲ ਏਜੰਟ ਨੂੰ ਥਾਣਾ ਐੱਨ ਆਰ ਆਈ ਦੀ ਪੁਲੀਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਬਲਜੀਤ ਸਿੰਘ ਨੂੰ ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਸਤੰਬਰ 2024 ’ਚ ਇਸ਼ਤਿਹਾਰੀ ਮੁਜ਼ਰਮ ਐਲਾਨਿਆ ਸੀ, ਜਿਸ ਖਿਲਾਫ਼ ਐੱਨ ਆਰ ਆਈ ਥਾਣੇ ’ਚ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਕੇਸ ਦਰਜ ਸੀ। ਥਾਣੇ ਦੇ ਮੁਖੀ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਐੱਨ ਆਰ ਆਈ ਬਲਜਿੰਦਰ ਸਿੰਘ ਨੇ ਬਲਜੀਤ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਉਸ ਦੇ ਭਰਾ ਨੂੰ ਨਿਊਜ਼ੀਲੈਂਡ ਭੇਜਣ ਲਈ 11.50 ਲੱਖ ਰੁਪਏ ਲੈ ਲਏ ਪਰ ਵਿਦੇਸ਼ ਨਹੀਂ ਭੇਜਿਆ। ਬਲਜੀਤ ਸਿੰਘ ਤਿਲਕ ਨਗਰ ਨਵੀਂ ਦਿੱਲੀ ’ਚ ਰਹਿੰਦਾ ਸੀ, ਉਸ ਖ਼ਿਲਾਫ਼ ਦਫ਼ਾ 420 ਅਤੇ 406 ਤਹਿਤ ਕੇਸ ਦਰਜ ਕਰ ਲਿਆ ਗਿਆ ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ। ਸੂਹ ਮਿਲਣ ’ਤੇ ਐੱਨ ਆਰ ਆਈ ਥਾਣੇ ਦੀ ਇਕ ਪੁਲੀਸ ਪਾਰਟੀ ਜਿਸ ਵਿੱਚ ਏ ਐੱਸ ਆਈ ਸੋਹਨ ਸਿੰਘ, ਏ ਐੱਸ ਆਈ ਕ੍ਰਿਸ਼ਨ ਅਤੇ ਹੈੱਡ ਕਾਂਸਟੇਬਲ ਸ਼ਾਮਲ ਸਨ, ਨੇ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਬੁੱਧਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ।
