ਸਾਬਕਾ ਸਰਪੰਚ ਵੱਲੋਂ ਪੰਚ ਦੀ ਹੱਤਿਆ
ਦੀਵਾਲੀ ਦੀ ਰਾਤ ਨੂੰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਦੋ ਕਤਲ ਕੀਤੇ ਗਏ। ਘਟਨਾ ਵਿੱਚ ਪਿੰਡ ਧਗਾਨਾ ਵਿੱਚ ਸਾਬਕਾ ਸਰਪੰਚ ਨੇ ਗੁਆਂਢਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੂਜੀ ਘਟਨਾ ਪਿੰਡ ਨੱਥੂਚੱਕ ਵਿੱਚ ਵਾਪਰੀ, ਜਿੱਥੇ ਗ੍ਰੰਥੀ ਨੂੰ ਉਸ ਦੇ ਚਚੇਰੇ ਭਰਾ ਨੇ ਗੋਲੀ ਮਾਰ ਦਿੱਤੀ। ਦੋਵੇਂ ਮਾਮਲਿਆਂ ’ਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਪਿੰਡ ਧਗਾਨਾ ਵਿੱਚ ਮ੍ਰਿਤਕ ਦੀ ਪਛਾਣ ਮਨਦੀਪ ਕੌਰ (40) ਵਜੋਂ ਹੋਈ ਹੈ, ਜੋ ‘ਆਪ’ ਦੀ ਪੰਚ ਸੀ। ਜਾਣਕਾਰੀ ਅਨੁਸਾਰ ਪਿੰਡ ਦਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਟਰੈਕਟਰ ’ਤੇ ਉੱਚੀ ਗਾਣੇ ਲਗਾ ਕੇ ਭੱਦੀਆਂ ਟਿੱਪਣੀਆਂ ਕਰ ਰਿਹਾ ਸੀ, ਜਦੋਂ ਮਨਦੀਪ ਦੇ ਪਤੀ ਜਤਿੰਦਰ ਸਿੰਘ ਨੇ ਤੋਂ ਰੋਕਿਆ ਤਾਂ ਸੁਖਵਿੰਦਰ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ, ਜੋ ਮਨਦੀਪ ਕੌਰ ਦੇ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੀ ਘਟਨਾ ਵਿੱਚ ਪਿੰਡ ਨੱਥੂਚੱਕ ਦੇ ਵਸਨੀਕ ਰਣਜੀਤ ਸਿੰਘ ਰਾਣਾ (38) ਦੀ ਉਸ ਦੇ ਚਚੇਰੇ ਭਰਾ ਹਰਪਾਲ ਸਿੰਘ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਣਜੀਤ ਸਿੰਘ ਗੁਰਦੁਆਰਾ ਈਸ਼ਰਧਾਮ, ਹਰੀਕੇ ਵਿੱਚ ਗ੍ਰੰਥੀ ਸੀ। ਪੁਲੀਸ ਅਨੁਸਾਰ ਦੋਵਾਂ ਪਰਿਵਾਰਾਂ ਵਿਚਾਲੇ ਰੰਜਿਸ਼ ਸੀ, ਜਦੋਂ ਰਣਜੀਤ ਸਿੰਘ ਸਵੇਰੇ ਆਪਣੀ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਹਰਪਾਲ ਸਿੰਘ ਨੇ ਉਸ ’ਤੇ ਗੋਲੀ ਚਲਾ ਦਿੱਤੀ।