ਫੂਡ ਸੇਫਟੀ ਟੀਮ ਵੱਲੋਂ ਦੁਕਾਨਾਂ ’ਤੇ ਛਾਪੇ
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਖਾਧ ਪਦਾਰਥਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ ਗਏ। ਟੀਮ ਨੇ ਖਾਧ ਪਦਾਰਥਾਂ ਦੇ 12 ਨਮੂਨੇ ਭਰੇ। ਇਸ ਟੀਮ ਵਿੱਚ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਵੀ ਸ਼ਾਮਲ ਸਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੇਸੀ ਘਿਓ, ਦਾਲਾਂ, ਬਿਸਕੁਟ, ਪਾਨ ਮਸਾਲਾ, ਬੇਸਣ, ਚਾਹ ਪੱਤੀ ਆਦਿ ਦੇ 12 ਨਮੂਨੇ ਲਏ ਗਏ। ਇਨ੍ਹਾਂ ਨੂੰ ਜਾਂਚ ਵਾਸਤੇ ਖਰੜ ਸਥਿਤ ਲੈਬਾਰਟਰੀ ’ਚ ਭੇਜ ਦਿੱਤਾ ਗਿਆ ਹੈ। ਅਗਲੀ ਕਾਰਵਾਈ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਖਾਧ ਪਦਾਰਥ ਵਿਕਰੇਤਾਵਾਂ ਅਤੇ ਵੱਖ-ਵੱਖ ਬੇਕਰੀਆਂ ਦੇ ਮਾਲਕਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਨੇ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਸਾਫ਼-ਸਫ਼ਾਈ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਅਜਿਨਾ ਨਾ ਕਰਨ ਵਾਲਿਆਂ ਅਤੇ ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।