ਮੰਡ ਇਲਾਕੇ ’ਚ ਸੱਤ ਸਾਲਾਂ ’ਚ ਤੀਜੀ ਵਾਰ ਹੜ੍ਹ ਆਇਆ
ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ’ਚ ਆਏ ਹੜ੍ਹ ਨੇ ਪਿੰਡ ਵਾਸੀਆਂ ਦੀਆਂ 2019 ਤੇ 2023 ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਦੋਂ ਬਿਆਸ ਦਰਿਆ ਨੇ ਇਸੇ ਤਰ੍ਹਾਂ ਤਬਾਹੀ ਮਚਾਈ ਸੀ, ਖੇਤਾਂ ’ਚ ਪਾਣੀ ਭਰਨ ਕਾਰਨ ਫ਼ਸਲਾਂ ਖ਼ਰਾਬ ਹੋ ਗਈਆਂ ਸਨ।
ਸੁਲਤਾਨਪੁਰ ਲੋਧੀ ਦੇ 14 ਪਿੰਡਾਂ ਜਿਵੇਂ ਸੰਗਰਾ, ਮੰਡ ਮੁਬਾਰਕਪੁਰ, ਮੁਹੰਮਦਾਬਾਦ, ਬਾਊਰ ਕਦੀਮ, ਬਾਊਰ ਜਦੀਦ, ਰਾਮਪੁਰ ਗੁਰਾ, ਮੰਡ ਬਾਂਦਾ ਜਦੀਦ, ਭੈਣੀ ਕਰੀਮ ਬਖ਼ਸ਼ ਅਤੇ ਭੈਣੀ ਬਹਾਦੁਰ ’ਚ ਲਗਪਗ 4,500 ਏਕੜ ਖੇਤੀਬਾੜੀ ਵਾਲੀ ਜ਼ਮੀਨ ਪਿਛਲੇ ਦੋ ਹਫ਼ਤਿਆਂ ਤੋਂ ਹੜ੍ਹ ਦੇ ਪਾਣੀ ਹੇਠ ਹੈ। ਝੋਨੇ ਦੀ ਫ਼ਸਲ ਪਿਛਲੇ 10-12 ਦਿਨਾਂ ਤੋਂ 5-6 ਫੁੱਟ ਪਾਣੀ ਹੇਠ ਡੁੱਬੀ ਹੋਈ ਹੈ। ਇਸ ਕਾਰਨ ਲੋਕ ਕਿਸ਼ਤੀਆਂ ਦੀ ਮਦਦ ਨਾਲ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਖਾਣ-ਪੀਣ ਦਾ ਸਾਮਾਨ, ਪੀਣ ਵਾਲਾ ਪਾਣੀ ਅਤੇ ਪਸ਼ੂਆਂ ਲਈ ਚਾਰਾ ਲਿਆ ਰਹੇ ਹਨ।
ਬਿਆਸ ਦਰਿਆ ’ਚ ਅਜੇ ਵੀ ਲਗਾਤਾਰ ਮੀਂਹ ਕਾਰਨ ਪਾਣੀ ਚੜ੍ਹਿਂਆ ਹੋਇਆ ਹੈ। ਇਸ ਕਰ ਕੇ ਜਲਦੀ ਪਾਣੀ ਘਟਣ ਦੀ ਕੋਈ ਉਮੀਦ ਨਹੀਂ। ਹਾਲਾਂਕਿ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਖ਼ਾਸ ਗਿਰਦਾਵਰੀ ਦਾ ਹੁਕਮ ਦਿੱਤਾ ਹੈ, ਪਰ ਅਸਲ ਨੁਕਸਾਨ ਦਾ ਅੰਦਾਜ਼ਾ ਪਾਣੀ ਉਤਰਨ ਤੋਂ ਬਾਅਦ ਹੀ ਲੱਗੇਗਾ।
ਵੀਰਵਾਰ ਨੂੰ ਪੌਂਗ ਡੈਮ ਤੋਂ 65,000 ਕਿਊਸਿਕ ਪਾਣੀ ਛੱਡਿਆ ਗਿਆ ਸੀ। ਵਰਤਮਾਨ ਵਹਾਅ 57,000 ਕਿਊਸਿਕ ਸੀ। ਇਸ ਵੇਲੇ ਬਿਆਸ ਦਰਿਆ ’ਚ 1.10 ਲੱਖ ਕਿਊਸਿਕ ਪਾਣੀ ਵਹਿ ਰਿਹਾ ਹੈ। ਇਸ ਨਾਲ ਹੇਠਲੇ ਇਲਾਕਿਆਂ ਵਿੱਚ ਦਬਾਅ ਵਧ ਗਿਆ ਹੈ।
ਪਿੰਡ ਰਾਮਪੁਰ ਗੁਰਾ ਦੇ ਬਖ਼ਸ਼ੀਸ਼ ਸਿੰਘ (35) ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਪਸ਼ੂਆਂ ਦੀ ਖ਼ਾਤਰ ਇਲਾਕਾ ਛੱਡ ਨਹੀਂ ਸਕੇ ਕਿਉਂਕਿ ਪਸ਼ੂਆਂ ਨੂੰ ਬਾਹਰ ਕੱਢਣਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਨੇ ਵੀ ਇੱਥੇ ਰੁਕਣ ਦਾ ਫ਼ੈਸਲਾ ਕੀਤਾ। ਉਹ ਕਿਸ਼ਤੀਆਂ ਰਾਹੀਂ ਪਸ਼ੂਆਂ ਲਈ ਚਾਰਾ ਲਿਆ ਰਹੇ ਹਨ। ਪ੍ਰਸ਼ਾਸਨ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਉਨ੍ਹਾਂ ਨੂੰ ਰਾਸ਼ਨ ਤੇ ਪੀਣ ਵਾਲਾ ਪਾਣੀ ਘਰ-ਘਰ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਸੱਤ ਏਕੜ ਜ਼ਮੀਨ ’ਤੇ ਸੀ, ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਪਿੰਡ ਬਾਊਰ ਮੰਡ ਦੀ ਰਹਿਣ ਵਾਲੀ ਰਮਣ ਕੌਰ (40) ਨੇ ਕਿਹਾ ਕਿ ਦਰਿਆ ਨਾਲ ਉਸ ਦਾ ਘਰ ਢਹਿ ਗਿਆ ਹੈ। ਗੁਰਬਿੰਦਰ ਸਿੰਘ ਪਿੰਡ ਸੰਗਰਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਨੂੰ ਪਾਣੀ ਛੱਡਣ ਤੋਂ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ।