ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁੱਜਰ ਪਰਿਵਾਰ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ ਹੜ੍ਹ

ਸੁੱਤੇ ਪਏ ਤਿੰਨ ਬੱਚੇ ਤੇ ਬਿਰਧ ਦਰਿਆ ਦੀ ਭੇਟ ਚਡ਼੍ਹੇ; ਦਸ ਕਿੱਲੇ ਜ਼ਮੀਨ ਤੇ ਘਰ-ਬਾਰ ਰਾਵੀ ਬੁਰਦ
ਹੜ੍ਹਾਂ ’ਚ ਰੁੜ੍ਹੇ ਬੱਚਿਆਂ (ਇਨਸੈੱਟ) ਮੀਨਾ ਤੇ ਲਾਡੀ ਬਾਰੇ ਜਾਣਕਾਰੀ ਦਿੰਦਾ ਹੋਇਆ ਬਾਗ ਹੁਸੈਨ ਤੇ ਉਸ ਦੀ ਪਤਨੀ ਰੇਸ਼ਮਾ।
Advertisement

ਜ਼ਿਲ੍ਹੇ ਵਿੱਚ ਪਿਛਲੇ ਮਹੀਨੇ 25 ਅਗਸਤ ਨੂੰ ਤੜਕੇ ਲਗਪਗ ਚਾਰ ਵਜੇ ਆਇਆ ਹੜ੍ਹ ਕਥਲੌਰ ਪੁਲ ਨੇੜੇ ਸਥਿਤ ਕੋਹਲੀਆਂ ਪਿੰਡ ਦੇ ਗੁੱਜਰ ਪਰਿਵਾਰ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਉਨ੍ਹਾਂ ਦੇ ਤਿੰਨ ਬੱਚੇ ਅਤੇ ਬਿਰਧ ਮਾਂ ਰਾਵੀ ਦਰਿਆ ਦੀ ਭੇਟ ਚੜ੍ਹ ਗਏ। ਇੰਨਾਂ ਵਿੱਚੋਂ ਮਾਂ ਅਤੇ ਇੱਕ ਬੱਚੀ ਦੀ ਲਾਸ਼ ਤਾਂ ਮਿਲ ਗਈ ਪਰ ਦੋ ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਅਜੇ ਤੱਕ ਨਾ ਮਿਲਣ ਕਾਰਨ ਉਨ੍ਹਾਂ ਦੀ ਜ਼ਿੰਦਗੀ ਵੀਰਾਨ ਹੋ ਗਈ ਹੈ। ਇਹ ਦਾਸਤਾਨ ਬਾਗ਼ ਹੁਸੈਨ ਨਾਂ ਦੇ ਗੁੱਜਰ ਅਤੇ ਉਸ ਦੀ ਪਤਨੀ ਰੇਸ਼ਮਾ ਦੀ ਹੈ।

ਬਾਗ਼ ਹੁਸੈਨ ਅਤੇ ਉਸ ਦੇ ਵੱਡੇ ਭਰਾ ਮੁਹੰਮਦ ਸ਼ਫੀ ਨੇ ਦੱਸਿਆ ਕਿ ਉਨ੍ਹਾਂ ਨੇ ਦਸ ਕਿੱਲੇ ਜ਼ਮੀਨ ਕੋਹਲੀਆਂ ਪਿੰਡ ਵਿੱਚ ਰਾਵੀ ਦਰਿਆ ਦੇ ਕੋਲ 10 ਸਾਲ ਪਹਿਲਾਂ ਖ਼ਰੀਦੀ ਸੀ ਅਤੇ ਉਹ ਉੱਥੇ ਹੀ ਛੰਨ ਅਤੇ ਮਕਾਨ ਬਣਾ ਕੇ ਪਰਿਵਾਰ ਨਾਲ ਜੀਵਨ-ਬਸਰ ਕਰ ਰਹੇ ਸਨ। ਰਾਵੀ ਦਰਿਆ ਵਿੱਚ 25 ਅਗਸਤ ਨੂੰ ਤੜਕੇ ਕਰੀਬ ਚਾਰ ਵਜੇ ਆਏ ਹੜ੍ਹ ਨੇ ਧੁੱਸੀ ਬੰਨ੍ਹ ਤੋੜ ਦਿੱਤਾ ਅਤੇ ਉਨ੍ਹਾਂ ਦੇ ਘਰਾਂ ਨੂੰ ਲਪੇਟ ਵਿੱਚ ਲੈ ਲਿਆ। ਉਨ੍ਹਾਂ ਨੇ ਕਾਫ਼ੀ ਮੁਸ਼ਕਲ ਨਾਲ ਜਾਨ ਬਚਾਈ ਜਦਕਿ ਤਿੰਨ ਬੱਚੇ ਮੀਨਾ (12), ਲੱਛੋ (ਛੇ), ਲਾਡੀ (ਅੱਠ) ਅਤੇ ਬਿਰਧ ਮਾਂ ਸੁੱਤੇ ਹੀ ਰੁੜ੍ਹ ਗਏ। ਇਸ ਤੋਂ ਇਲਾਵਾ 75 ਬੱਕਰੀਆਂ, ਰੇੜ੍ਹਾ, ਘੋੜੀ, ਮੰਜੇ, ਅਤੇ ਟੂੰਮਾਂ ਤੇ ਹੋਰ ਸਾਮਾਨ ਵੀ ਦਰਿਆ ਬੁਰਦ ਹੋ ਗਿਆ। ਉਨ੍ਹਾਂ ਦੱਸਿਆ ਕਿ 12 ਸਾਲਾ ਬੱਚੀ ਦੀ ਲਾਸ਼ ਤਿੰਨ ਦਿਨ ਬਾਅਦ ਮਿਲੀ ਜਦਕਿ ਬਿਰਧ ਮਾਂ ਦੀ ਲਾਸ਼ ਇੱਕ ਕਿਲੋਮੀਟਰ ਅੱਗੇ ਜਾ ਕੇ ਦਰਿਆ ਵਿੱਚੋਂ ਮਿਲੀ। ਬਾਕੀ ਦੋ ਬੱਚਿਆਂ ਦੀਆਂ ਲਾਸ਼ਾਂ ਅੱਜ ਤੱਕ ਨਹੀਂ ਮਿਲ ਸਕੀਆਂ।

Advertisement

ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ 50 ਹਜ਼ਾਰ ਰੁਪਏ ਦੀ ਸਹਾਇਤਾ, ਜਦਕਿ ਡਿਪਟੀ ਕਮਿਸ਼ਨਰ ਨੇ ਚਾਰ ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਹੋਰ ਕੋਈ ਸਰਕਾਰੀ ਸਹਾਇਤਾ ਅਜੇ ਤੱਕ ਨਹੀਂ ਮਿਲੀ। ਹੁਣ ਉਨ੍ਹਾਂ ਨੂੰ ਮਜਬੂਰ ਹੋ ਕੇ ਕੋਹਲੀਆਂ ਤੋਂ ਦਸ ਕਿਲੋਮੀਟਰ ਦੂਰ ਸੁੰਦਰਚੱਕ ਵਿੱਚ ਡੇਰਾ ਲਾਉਣਾ ਪਿਆ ਹੈ। ਉੱਥੇ ਹੀ ਉਨ੍ਹਾਂ ਆਪਣਾ ਜੀਵਨ-ਬਸਰ ਕਰਨਾ ਸ਼ੁਰੂ ਕੀਤਾ ਹੈ। ਉਹ ਆਪਣੇ ਹਰ ਇੱਕ ਨਾਲ ਬੱਚਿਆਂ ਦੀਆਂ ਬਾਰੇ ਦੱਸਦੇ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਕੀ ਜੀਣਾ ਹੈ, ਕਿਉਂਕਿ ਜ਼ਮੀਨ, ਘਰ-ਬਾਰ ਅਤੇ ਬੱਚੇ ਸਭ ਖੁੱਸ ਗਿਆ। ਇਸ ਸਬੰਧੀ ਐੱਸ ਡੀ ਐੱਮ ਰਾਕੇਸ਼ ਮੀਨਾ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਰਾਵੀ ਦਰਿਆ ’ਚ ਹੜ੍ਹ ਕਾਰਨ 350 ਘਰਾਂ ਤੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੇ ਘਰਾਂ ਦਾ ਪੂਰਾ ਨੁਕਸਾਨ ਹੋਇਆ ਹੈ, ਨੂੰ ਇੱਕ ਲੱਖ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਜਦਕਿ ਘੱਟ ਨੁਕਸਾਨ ਵਾਲੇ ਮਕਾਨਾਂ ਲਈ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੀ ਅਸੈਸਮੈਂਟ ਕਰਨ ਲਈ ਸਪੈਸ਼ਲ ਗਿਰਦਾਵਰੀ ਕੀਤੀ ਜਾ ਰਹੀ ਹੈ।

Advertisement
Show comments