ਹੜ੍ਹਾਂ ਦਾ ਦੁਖਾਂਤ: ਰਾਮਪੁਰਾ ਗੋਹਰਾ ਵਿੱਚ 8 ਘਰ ਰੁੜ੍ਹੇ
ਮਾਲ-ਡੰਗਰ ਰਿਸ਼ਤੇਦਾਰਾਂ ਕੋਲ ਛੱਡੇ
Advertisement
ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਹੜ੍ਹਾਂ ਨਾਲ ਮਚੀ ਤਬਾਹੀ ਦੇ ਸਭ ਤੋਂ ਦੁਖਦਾਇਕ ਪਹਿਲੂ ਉੱਭਰ ਕੇ ਸਾਹਮਣੇ ਆਏ ਹਨ। ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਹਰਾ ਜਿਹੜਾ ਬਿਆਸ ਦਰਿਆ ਵਿੱਚ ਪੈਂਦਾ ਹੈ, ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਪੋਰਟਾਂ ਅਨੁਸਾਰ ਰਾਮਪੁਰ ਗੋਹਰਾ ਦੇ ਕੁੱਲ 13 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ 8 ਘਰ ਅਜਿਹੇ ਹਨ ਜਿਨ੍ਹਾਂ ਦਾ ਨਾਮੋ ਨਿਸ਼ਾਨ ਤੱਕ ਮਿੱਟ ਗਿਆ ਹੈ। 10 ਅਗਸਤ ਦੀ ਰਾਤ ਨੂੰ ਆਏ ਹੜ੍ਹ ਨਾਲ ਮੰਡ ਇਲਾਕਾ ਪਾਣੀ ਨਾਲ ਭਰਨ ਲੱਗ ਪਿਆ ਸੀ ਪਰ ਰਾਮਪੁਰਾ ਗੋਹਰਾ ਦੇ ਲੋਕਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਹੜ੍ਹਾਂ ਨਾਲ ਉਨ੍ਹਾਂ ਦੇ ਪਿੰਡ ਦੀ ਸਭ ਤੋਂ ਵੱਧ ਤਬਾਹੀ ਹੋਵੇਗੀ। ਬਿਆਸ ਦਰਿਆ ਵਿੱਚ ਜਦੋਂ 2 ਲੱਖ ਕਿਊਸਿਕ ਪਾਣੀ ਵੱਗਣ ਲੱਗਾ ਤਾਂ ਕਮਜ਼ੋਰ ਹੋਇਆ ਆਰਜ਼ੀ ਬੰਨ੍ਹ ਪਹਿਲੇ ਹੱਲੇ ਨਾਲ ਹੀ ਵਹਿਅ ਤੁਰਿਆ। ਬਲਕੌਰ ਸਿੰਘ ਤੇ ਉਸ ਦੇ ਭਰਾ ਦਾ ਘਰ ਦੇਖਦਿਆਂ-ਦੇਖਦਿਆਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਸੀ। ਬਲਕੌਰ ਸਿੰਘ ਦੇ ਪੁੱਤਰ ਗੁਰਨਿਸ਼ਾਨ ਸਿੰਘ ਨੇ ਮੱਦਦ ਵਾਸਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਸੀ। ਇਸੇ ਤਰ੍ਹਾਂ ਗੁਰਨਿਸ਼ਾਨ ਦੇ ਤਾਏ ਦਾ ਘਰ ਅਤੇ ਪਸ਼ੂਆਂ ਲਈ ਪਾਈਆਂ ਸ਼ੈੱਡਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ।
ਸਰਕਾਰੀ ਤੌਰ ’ਤੇ ਇਸ ਪਿੰਡ ਦੇ ਕੁੱਲ 13 ਘਰਾਂ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ। ਇਨ੍ਹਾਂ ਵਿੱਚੋਂ 8 ਘਰ ਤਾਂ ਪੂਰੀ ਤਰ੍ਹਾਂ ਨਾਲ ਰੁੜ੍ਹ ਗਏ ਜਦ ਕਿ ਪੰਜ ਘਰਾਂ ਦਾ ਥੋੜ੍ਹਾ-ਬਹੁਤਾ ਨੁਕਸਾਨ ਹੋਇਆ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਘਰ ਦਾ ਕੁਝ ਸਾਮਾਨ ਕੱਢ ਸਕੇ ਸਨ। ਉਨ੍ਹਾਂ ਦਾ ਮਾਲ-ਡੰਗਰ ਰਿਸ਼ਤੇਦਾਰਾਂ ਦੇ ਛੱਡਿਆ ਹੋਇਆ ਹੈ।
Advertisement
ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਹ ਸਾਰੇ ਗਰੀਬ ਕਿਸਾਨ ਹਨ ਜਿਨ੍ਹਾਂ ਦੀਆਂ ਫਸਲਾਂ ਵੀ ਉੱਜੜ ਗਈਆਂ ਤੇ ਘਰ ਵੀ ਰੁੜ੍ਹ ਗਏ। ਪੰਜਾਬ ਸਰਕਾਰ ਬਿਨਾਂ ਦੇਰੀ ਦੇ ਇਨ੍ਹਾਂ ਕਿਸਾਨਾਂ ਨੂੰ ਦਰਿਆ ਤੋਂ ਬਾਹਰ ਕਿਧਰੇ ਵੀ ਪਹਿਲਾਂ ਥਾਂ ਲੈਕੇ ਦੇਵੇ ਅਤੇ ਫਿਰ ਉਸ ’ਤੇ ਘਰ ਬਣਾ ਕੇ ਦੇਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੇ ਘਰ ਰੁੜ੍ਹ ਗਏ ਹਨ ਉਨ੍ਹਾਂ ਦੀ ਮੱਦਦ ਸਭ ਤੋਂ ਪਹਿਲਾਂ ਕੀਤੀ ਜਾਵੇ।
Advertisement