ਰਾਵੀ ਦਰਿਆ ਵਿੱਚ ਖਣਨ ਮਾਫ਼ੀਆ ਦਾ ‘ਹੜ੍ਹ’
ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਬਾਹਰ ਕੱਢਣ ਲਈ ‘ਆਪਣਾ ਖੇਤ-ਆਪਣੀ ਰੇਤ’ ਨੀਤੀ ਲਿਆਂਦੀ ਗਈ ਸੀ ਪਰ ਪਠਾਨਕੋਟ ਜ਼ਿਲ੍ਹੇ ਵਿੱਚ ਖਣਨ ਮਾਫੀਆ ਲਈ ਇਹ ਨੀਤੀ ਸੰਜੀਵਨੀ ਬੂਟੀ ਸਾਬਤ ਹੋ ਰਹੀ ਹੈ। ਖਣਨ ਮਾਫੀਆ ਨੇ ਇਸ ਨੀਤੀ ਦੀ ਆੜ ਹੇਠ ਰਾਵੀ ਦਰਿਆ ਵਿੱਚ ਵੱਡੀ ਪੱਧਰ ’ਤੇ ਮਸ਼ੀਨਾਂ ਲਗਾ ਕੇ ਮਾਈਨਿੰਗ ਕਰਨੀ ਸ਼ੁਰੂ ਕਰ ਰੱਖੀ ਹੈ। ਹਾਲਾਂਕਿ ਰਾਵੀ ਦਰਿਆ ਦੇ ਸੀਨੇ ਨੂੰ ਮਾਈਨਿੰਗ ਮਾਫੀਆ ਵੱਲੋਂ ਮਾਲਕੀ ਵਾਲੀਆਂ ਜ਼ਮੀਨਾਂ ਦੱਸਿਆ ਜਾ ਰਿਹਾ ਹੈ ਅਤੇ ਖਣਨ ਨੂੰ ਇੰਨੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਕਿ ਦਰਿਆ ਵਿੱਚ ਦੂਰ-ਦੂਰ ਤੱਕ ਮਸ਼ੀਨਾਂ ਹੀ ਮਸ਼ੀਨਾਂ ਮਾਈਨਿੰਗ ਮਟੀਰੀਅਲ ਕੱਢਦੀਆਂ ਨਜ਼ਰ ਆ ਰਹੀਆਂ ਹਨ। ਬੇਹੜੀਆਂ ਬੁਜ਼ਰਗ ਨੇੜੇ ਰਾਵੀ ਦਰਿਆ ਵਿੱਚ ਮਾਈਨਿੰਗ ਤੋਂ ਦੁਖੀ ਲੋਕਾਂ ਨੇ ਦੱਸਿਆ ਕਿ ਮਾਫੀਆ ਦਿਨ-ਰਾਤ ਮਾਈਨਿੰਗ ਮਟੀਰੀਅਲ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਂਕੜੇ ਟਰੱਕ ਜੰਮੂ-ਕਸ਼ਮੀਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜੇ ਜਾ ਰਹੇ ਹਨ। ਇਸ ਦੇ ਇਲਾਵਾ ਰੇਤਾ ਜੋ ਕਿ ਬਹੁਤ ਬਾਰੀਕ ਹੈ, ਨੂੰ ਸਟੋਨ ਕਰੱਸ਼ਰਾਂ ਉਪਰ ਜਮ੍ਹਾਂ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਵਿੱਚ ਉਸ ਨੂੰ ਮੋਟੀ ਰੇਤਾ ਵਿੱਚ ਮਿਕਸ ਕਰਕੇ ਵੇਚਿਆ ਜਾ ਸਕੇ। ਖਣਨ ਮਾਫੀਆ ਨੇ ਕਥਿਤ ਮਿਲੀਭੁਗਤ ਕਰਕੇ ਦਰਿਆ ਤੱਕ ਪਹੁੰਚਣ ਲਈ ਕਈ ਗੈਰ-ਕਾਨੂੰਨੀ ਰਸਤੇ ਬਣਾ ਲਏ ਹਨ। ਦੱਸਣਯੋਗ ਹੈ ਕਿ ਹੜ੍ਹਾਂ ਦੌਰਾਨ ਰਾਵੀ ਦਰਿਆ ਦੇ ਓਵਰਫਲੋਅ ਕਾਰਨ ਹੋਏ ਨੁਕਸਾਨ ਤੋਂ ਬਾਅਦ, ਜ਼ਿਲ੍ਹਾ ਕਠੂਆ ਦੇ ਡਿਪਟੀ ਕਮਿਸ਼ਨਰ ਨੇ ਜੰਮੂ-ਕਸ਼ਮੀਰ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ ਜੋ ਅਜੇ ਤੱਕ ਜਾਰੀ ਹੈ ਪਰ ਪੰਜਾਬ ਖੇਤਰ ਅੰਦਰ ਹੜ੍ਹ ਦੇ ਨੁਕਸਾਨ ਦੇ ਬਾਵਜੂਦ ਪਠਾਨਕੋਟ ਦਾ ਜ਼ਿਲ੍ਹਾ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ।
ਜਾਇਜ਼ਾ ਲੈਣ ਮਗਰੋਂ ਕਾਰਵਾਈ ਕੀਤੀ ਜਾਵੇਗੀ: ਅਫ਼ਸਰ
ਰਾਵੀ ਦਰਿਆ ਵਿੱਚ ਹੋ ਰਹੀ ਨਾਜਾਇਜ਼ ਖਣਨ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਅਨ ਸਿਮਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਅੱਜ ਟੀਮ ਭੇਜਣਗੇ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਮਾਫੀਆ ਨੇ ਕਿੱਥੇ‘ਕਿੱਥੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦਾ ਜਾਇਜ਼ਾ ਲੈ ਕੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
