ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਦਾ ਕਹਿਰ: 14 ਸਾਲਾ ਗੁਰਜੋਤ ਦਾ ਹਾਸਾ ਵੀ ਵਹਾਅ ਕੇ ਲੈ ਗਿਆ ਚੰਦਰਾ ਨੀਰ

  ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਜਦੀਦ ਦੇ ਇੱਕ ਧਾਰਮਿਕ ਸਥਾਨ ’ਤੇ ਲੋਕਾਂ ਦੀ ਭੀੜ ਸੰਸਥਾਵਾਂ ਤੇ ਦਾਨੀਆਂ ਤੋਂ ਰੋਟੀ ਅਤੇ ਮਦਦ ਲੈਣ ਲਈ ਕਤਾਰਾਂ ਵਿੱਚ ਖੜ੍ਹੀ ਸੀ, ਪਰ ਉਸ ਹਲਚਲ ਦੇ ਵਿਚਕਾਰ ਇੱਕ ਨੌਜਵਾਨ ਚੁੱਪਚਾਪ ਖੜ੍ਹਾ...
Tribune photo: Malkiat Singh
Advertisement

 

ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਜਦੀਦ ਦੇ ਇੱਕ ਧਾਰਮਿਕ ਸਥਾਨ ’ਤੇ ਲੋਕਾਂ ਦੀ ਭੀੜ ਸੰਸਥਾਵਾਂ ਤੇ ਦਾਨੀਆਂ ਤੋਂ ਰੋਟੀ ਅਤੇ ਮਦਦ ਲੈਣ ਲਈ ਕਤਾਰਾਂ ਵਿੱਚ ਖੜ੍ਹੀ ਸੀ, ਪਰ ਉਸ ਹਲਚਲ ਦੇ ਵਿਚਕਾਰ ਇੱਕ ਨੌਜਵਾਨ ਚੁੱਪਚਾਪ ਖੜ੍ਹਾ ਸੀ। 14 ਸਾਲਾ ਗੁਰਜੋਤ ਸਿੰਘ ਉੱਥੇ ਕੋਈ ਮੁਸ਼ੱਕਤ ਨਹੀਂ ਕਰ ਰਿਹਾ, ਉਸ ਦੀਆਂ ਅੱਖਾਂ ਜ਼ਮੀਨ 'ਤੇ ਟਿਕੀਆਂ ਹੋਈਆਂ ਹਨ। ਜਦੋਂ ਉਸ ਦੇ ਪਰਿਵਾਰ ਦਾ ਬਜ਼ੁਰਗ ਵੀਰਸਾ ਸਿੰਘ (65), ਉਸਨੂੰ ਹੌਲੀ ਜਿਹੀ ਧੱਕਾ ਦਿੰਦਾ ਹੈ, ਤਾਂ ਹੀ ਉਹ ਚੁੱਪਚਾਪ ਅੱਗੇ ਵਧ ਕੇ ਰਾਸ਼ਨ ਦੀ ਕਿੱਟ ਲੈ ਲੈਂਦਾ ਹੈ।

Advertisement

ਹੱਸਣ ਖੇਡਣ ਦੀ ਉਮਰ ਵਿੱਚ ਚੁੱਪ ਰਹਿਣ ਵਾਲਾ ਗਰੁਜੋਤ ਪਹਿਲਾਂ ਅਜਿਹਾ ਨਹੀਂ ਸੀ। ਉਸ ਦੀ ਇਸ ਚੁੱਪ ਪਿੱਛੇ ਦੁੱਖਾਂ ਨਾਲ ਭਰੀ ਇੱਕ ਕਹਾਣੀ ਛੁਪੀ ਹੋਈ ਹੈ, ਜਿਸ ਨੇ ਉਸ ਦੀ ਉਮਰ ਦਾ ਉਬਾਲ ਠੰਢਾ ਪਾ ਦਿੱਤਾ ਹੈ, ਉਸ ਦੇ ਹਾਸਿਆਂ ਦੀ ਅਵਾਜ਼ ਦੱਬ ਲਈ।

11 ਅਗਸਤ ਨੂੰ ਬਿਆਸ ਦਰਿਆ ਦੇ ਵਧਦੇ ਪਾਣੀ ਕਾਰਨ ਭੈਣੀ ਬਹਾਦਰ ਪਿੰਡ ਵਿੱਚ ਇੱਕ ਅਸਥਾਈ ਬੰਨ੍ਹ ਟੁੱਟ ਗਿਆ ਅਤੇ ਗੁਰਜੋਤ ਦੇ ਪਿੰਡ ਬਾਉਪੁਰ ਜਦੀਦ ਸਮੇਤ ਕਈ ਪਿੰਡਾਂ ਵਿੱਚ ਹੜ੍ਹ ਆ ਗਏ। ਭਾਵੇਂ ਪਾਣੀ ਹੁਣ ਤਾਂ ਉਤਰ ਗਿਆ ਹੈ, ਪਰ ਔਕੜਾਂ ਅਜੇ ਵੀ ਬਾਹਾਂ ਅੱਡੀ ਖੜ੍ਹੀਆਂ ਹਨ।

ਸਾਲ 2023 ਵਿੱਚ ਵੀ ਹੜ੍ਹ ਆਏ ਸਨ। ਉਸ ਵੇਲੇ 4 ਏਕੜ ਵਿੱਚ ਝੋਨੇ ਦੀ ਫਸਲ ਦੇ ਨੁਕਸਾਨ ਨੂੰ ਸਹਿਣ ਕਰਨ ਤੋਂ ਅਸਮਰੱਥ ਗੁਰਜੋਤ ਦੇ ਪਿਤਾ ਗੁਰਜੰਟ ਨੇ ਸਲਫਾਸ ਖਾ ਲਈ ਸੀ। ਉਸ ਨੇ ਮੁੜ ਉੱਠਣ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਰਜ਼ੇ ਦੇ ਬੋਝ ਨੇ ਉਸ ਨੂੰ ਨਿਗਲ ਲਿਆ।

ਪਿੰਡ ਦਾ ਇੱਕ ਕਿਸਾਨ ਆਗੂ ਪਰਮਜੀਤ ਸਿੰਘ ਦੱਸਦਾ ਹੈ, “ਗੁਰਜੰਟ ਅਕਸਰ ਮੇਰੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਸੀ ਅਤੇ ਦੱਸਦਾ ਸੀ ਕਿ ਉਹ ਕਿਵੇਂ ਹੀਲਾ ਵਸੀਲਾ ਕਰ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ 4 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਮੈਂ ਉਸ ਨੂੰ ਭਰੋਸਾ ਦਿਵਾਉਂਦਾ ਰਿਹਾ ਕਿ ਹਾਲਾਤ ਚੰਗੇ ਹੋ ਜਾਣਗੇ। ਪਰ ਉਹ ਬੋਝ ਹੇਠਾਂ ਸੀ।”

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਗੁਰਜੋਤ ਨੇ ਆਪਣੇ ਆਪ ਨੂੰ ਇਕਾਂਤ ਅਤੇ ਸੀਮਤ ਕਰ ਲਿਆ ਹੈ। ਕਿਸੇ ਵੇਲੇ ਹੱਸਣ ਖੇਡਣ ਵਾਲਾ ਨੌਜਵਾਨ ਹੁਣ ਗੰਭੀਰ ਹੋ ਗਿਆ ਹੈ। ਉਹ ਹੌਲੀ ਅਤੇ ਬਹੁਤ ਘੱਟ ਬੋਲਦਾ ਹੈ। ਫਿਰ ਵੀ, ਉਸਦੇ ਮੋਢਿਆਂ ’ਤੇ ਉਮਰ ਤੋਂ ਕਿਤੇ ਵੱਧ ਜ਼ਿੰਮੇਵਾਰੀਆਂ ਹਨ।

ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਗੁਰਜੋਤ ਆਰਟਸ ਦੀ ਪੜ੍ਹਾਈ ਕਰ ਰਿਹਾ ਹੈ। ਉਹ ਕਦੇ-ਕਦੇ ਸਕੂਲ ਵਿੱਚ ਵਾਲੀਬਾਲ ਖੇਡ ਕੇ ਕੁਝ ਦਿਲਾਸਾ ਲੱਭਦਾ ਹੈ। ਉਸਦਾ ਸੁਪਨਾ? ਪੁਲਿਸ ਅਫਸਰ ਬਣਨਾ - ਜਾਂ ਕੋਈ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨਾ - ਤਾਂ ਜੋ ਉਹ ਆਪਣੇ ਪਰਿਵਾਰ ਲਈ ਸੁਰੱਖਿਆ ਯਕੀਨੀ ਬਣਾ ਸਕੇ ਅਤੇ ਆਪਣੀ ਮਾਂ ਅਤੇ ਭੈਣ ਨੂੰ ਉਸ ਦੁੱਖ ਵਿੱਚੋਂ ਬਾਹਰ ਕੱਢ ਸਕੇ ਜਿਸ ਵਿੱਚ ਉਹ ਹੁਣ ਰਹਿ ਰਹੇ ਹਨ।

ਪਿਤਾ ਦੀ ਮੌਤ ਤੋਂ ਬਾਅਦ ਗੁਰਜੋਤ ਨੇ ਆਪਣੇ ਚਾਚੇ ਨਾਲ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜੋ ਕੁਝ ਉਹਨਾਂ ਕੋਲ ਬਚਿਆ ਸੀ, ਉਸ ਨੂੰ ਮੁੜ ਤੋਂ ਠੀਕ ਕਰਨ ਦਾ ਪੱਕਾ ਇਰਾਦਾ ਬਣਾ ਲਿਆ। ਪਰ ਇਸ ਦੇ ਹੜ੍ਹਾਂ ਨੇ ਗੁਰਜੋਤ ਅਤੇ ਉਸ ਦੇ ਪਰਿਵਾਰ ਨੂੰ ਮੁੜ ਪਿਛਾਂਹ ਵੱਲ ਧੱਕ ਦਿੱਛਾ।

ਜਿਹੜੇ ਖੇਤਾਂ ਵਿੱਚ ਇੱਕ ਵਾਰ ਬਿਹਤਰ ਭਵਿੱਖ ਦੀ ਉਮੀਦ ਸੀ, ਉੱਥੇ ਹੁਣ ਪਾਣੀ ਫਿਰ ਗਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਦੋ ਕਮਰਿਆਂ ਦੇ ਘਰ ਵਿੱਚ ਵੀ ਤਰੇੜਾਂ ਆ ਗਈਆਂ ਹਨ। ਵਿਗੜੇ ਹਾਲਾਤ ਕਾਰਨ ਇੱਕ ਮਹੀਨਾ ਪਹਿਲਾਂ ਪਰਿਵਾਰ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਣਾ ਪਿਆ ਸੀ। ਹੁਣ, ਉਹ ਇੱਕ ਦੂਰ ਦੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਹਨ।

ਸੁਲਤਾਨਪੁਰ ਲੋਧੀ ਦੀ ਐੱਸਡੀਐੱਮ ਅਲਕਾ ਕਾਲੀਆ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਕਿ ਜਿਨ੍ਹਾਂ ਦੇ ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ 40,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਧਿਕਾਰੀ ਨੇ ਕਿਹਾ, ‘‘ਪੀ.ਡਬਲਿਊ.ਡੀ. ਵਿਭਾਗ ਦੀ ਇੱਕ ਤਕਨੀਕੀ ਟੀਮ ਨੁਕਸਾਨ ਦੀ ਪੁਸ਼ਟੀ ਕਰਨ ਲਈ ਘਰਾਂ ਦਾ ਦੌਰਾ ਕਰੇਗੀ, ਜਿਸ ਤੋਂ ਬਾਅਦ ਵਸਨੀਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।’’

ਉਧਰ ਦੁੱਖਾਂ ਭਰੀ ਜ਼ਿੰਦਗੀ ਕਾਰਨ ਗੁਰਜੋਤ ਦੀ ਮਾਂ, ਹਰਪ੍ਰੀਤ ਕੌਰ ਵੀ ਨਿਰਾਸ਼ਾ ਦੇ ਭਾਰ ਹੇਠ ਦੱਬੀ ਹੋਈ ਹੈ। ਉਸ ਨੇ ਭਰੇ ਮਨ ਨਾਲ ਕਿਹਾ “ਮੈਨੂੰ ਵੀ ਨਹੀਂ ਪਤਾ ਕਿ ਮੈਂ ਹੁਣ ਕਿਵੇਂ ਜੀਅ ਰਹੀ ਹਾਂ। ਮੈਂ ਡਿਪਰੈਸ਼ਨ ਦੀ ਦਵਾਈ ਲੈ ਰਹੀ ਹਾਂ। ਇਸ ਸਾਲ 2 ਏਕੜ ਵਿੱਚ ਝੋਨਾ ਬੀਜਿਆ ਗਿਆ ਸੀ, ਪਰ ਸਭ ਕੁਝ ਖ਼ਤਮ ਹੋ ਗਿਆ ਹੈ।’’

ਉਹ ਹੁਣ ਆਪਣੀ 16 ਸਾਲ ਦੀ ਧੀ ਨਾਲ ਇੱਕ ਰਿਸ਼ਤੇਦਾਰ ਦੇ ਘਰ ਰਹਿ ਰਹੀ ਹੈ। ਉਸਦੀ ਧੀ ਟੁੱਟੇ ਪਰਿਵਾਰ ਨੂੰ ਸਹਿਯੋਗ ਦੇਣ ਲਈ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦੀ ਹੈ।

ਅੱਥਰੂ ਭਰੀਆਂ ਭਰੀਆਂ ਅੱਖਾਂ ਨਾਲ ਹਰਪ੍ਰੀਤ ਕਹਿੰਦੀ ਹੈ, “ਅਸੀਂ ਆਪਣਾ ਸਮਾਨ ਪਹਿਲਾਂ ਹੀ ਬਾਹਰ ਕੱਢ ਕੇ ਇੱਕ ਰਿਸ਼ਤੇਦਾਰ ਦੇ ਘਰ ਰੱਖ ਦਿੱਤਾ ਸੀ। ਪਰ ਹੁਣ, ਸਭ ਤੋਂ ਵੱਧ ਮੇਰੇ ਲਈ ਮੇਰੇ ਬੱਚੇ ਮਾਇਨੇ ਰੱਖਦੇ ਹਨ। ਇਹੋ ਕਾਰਨ ਹੈ ਕਿ ਮੈਂ ਬੱਸ ਜਿਉਂ ਰਹੀ ਹਾਂ।” ਉਹ ਕਹਿੰਦੀ ਹੈ, " ਮੇਰੇ ਦੋਵੇਂ ਬੱਚੇ ਬਦਲ ਗਏ ਹਨ, ਉਹ ਘੱਟ ਬੋਲਦੇ ਹਨ, ਘੱਟ ਹੱਸਦੇ ਹਨ।"

ਹੁਣ ਹਰ ਰੋਜ਼ ਗੁਰਜੋਤ ਆਪਣੇ ਘਰ ਦੇ ਬਚੇ ਹਿੱਸੇ ਨੂੰ ਵੇਖਣ ਲਈ ਇੱਕ ਰਿਸ਼ਤੇਦਾਰ ਨਾਲ ਗੋਡਿਆਂ ਤੱਕ ਡੂੰਘੇ ਪਾਣੀ ਵਿੱਚੋਂ ਲੰਘਦਾ ਹੈ। ਪਹਿਲਾਂ ਹੀ ਹੜਾਂ ਨਾਲ ਝੰਬੇ 14 ਸਾਲਾ ਗੁਰਜੋਤ ਦੇ ਮੋਢਿਆਂ ’ਤੇ ਕੁਦਰਤ ਹੋਰ ਭਾਰ ਪਾ ਦਿੱਤਾ ਹੈ। ਪਰਿਵਾਰ ਦੀ ਆਸਾਂ ਤੇ ਨਿਗਾਹਾਂ ਬੱਸ ਸਮਾਜਸੇਵੀਆਂ ਅਤੇ ਸਰਕਾਰਾਂ ਵੱਲ ਟਿਕੀਆਂ ਹੋਈਆਂ ਹਨ।

ਗੁਰਜੋਤ ਸਿੰਘ (ਸੱਜੇ) ਆਪਣੇ ਚਾਚੇ ਵੀਰਸਾ ਸਿੰਘ ਨਾਲ ਪਿੰਡ ਬਾਉਪੁਰ, ਸੁਲਤਾਨਪੁਰ ਲੋਧੀ ਵਿਖੇ। ਤਸਵੀਰ: ਮਲਕੀਅਤ ਸਿੰਘ

Advertisement
Show comments