ਹੜ੍ਹ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ
              ਡੀ ਸੀ ਨੂੰ ਮੰਗ ਪੱਤਰ ਸੌਂਪਿਆ
            
        
        
    
                 Advertisement 
                
 
            
        
                ਹੜ੍ਹਾਂ ਦੌਰਾਨ ਦਰਿਆ ਰਾਵੀ ਨੇੜਲੇ ਕਿਸਾਨਾਂ ਨੂੰ ਪੀੜਤ ਹੋਣ ਕਾਰਨ ਵੰਡੇ ਗਏ ਮੁਆਵਜ਼ੇ ਤੋਂ ਸਰਕਾਰੀ ਜ਼ਮੀਨ ਵਾਲੇ ਕਿਸਾਨ ਵਾਂਝੇ ਰਹਿ ਗਏ ਹਨ। ਪਟੇ ’ਤੇ ਲੈ ਕੇ ਸਰਕਾਰੀ ਜ਼ਮੀਨ ਉੱਤੇ ਕਾਸ਼ਤ ਕਰਨ ਵਾਲੇ ਕਿਸਾਨ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ। ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਮੁੱਖ ਆਗੂ ਬਲਬੀਰ ਸਿੰਘ ਰੰਧਾਵਾ ਨੇ ਸਾਥੀਆਂ ਸਮੇਤ ਅੱਜ ਡੀ ਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਮਗਰੋਂ ਦੱਸਿਆ ਕਿ ਭਾਰੀ ਮੀਂਹ ਕਾਰਨ ਦਰਿਆ ਰਾਵੀ ਕੰਢੇ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਹੜ੍ਹ ਪੀੜਤ ਐਲਾਨ ਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਅਤੇ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ, ਪੰਚਾਇਤੀ, ਵਕਫ਼ ਬੋਰਡ, ਸ਼੍ਰੋਮਣੀ ਕਮੇਟੀ ਤੇ ਹੋਰ ਅਦਾਰਿਆਂ ਦੀਆਂ ਪਟੇ ਉੱਤੇ ਲਈਆਂ ਜ਼ਮੀਨਾਂ ਦੇ ਕਾਸ਼ਤਕਾਰਾਂ ਨੂੰ ਹੜ੍ਹ ਪੀੜਤਾਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਟੇ ਉੱਤੇ ਲਈ ਜ਼ਮੀਨ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਜਿਹੀ ਹਾਲਤ ਵਿੱਚ ਦੋਹਰੀ ਮਾਰ ਪੈਂਦੀ ਹੈ। 
            
        
    
    
    
    ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਇੱਕ ਵਫ਼ਦ ਡੀ ਸੀ ਗੁਰਦਾਸਪੁਰ ਨੂੰ ਮਿਲਿਆ ਅਤੇ ਉਨ੍ਹਾਂ ਕਿਸਾਨੀ ਮੰਗਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ । ਇਸ ਮੌਕੇ ਹਰਜੀਤ ਸਿੰਘ ਠੇਠਰਕੇ, ਜੋਗਿੰਦਰ ਸਿੰਘ ਖੰਨਾ ਚਮਾਰਾਂ, ਚਮਨ ਮਸੀਹ ਲੱਖੋਵਾਲ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਸਤਬੀਰ ਸਿੰਘ ਖੋਦੇ ਬੇਟ, ਪ੍ਰਭਜੋਤ ਸਿੰਘ ਬਹਿਲੋਲਪੁਰ, ਅਮਰੀਕ ਸਿੰਘ ਕੋਟ ਮੌਲਵੀ, ਵੱਸਣ ਸਿੰਘ ਮੁਸਤਰਾਪੁਰ, ਡਾ. ਜਸਵੰਤ ਸਿੰਘ ਮੰਗੀਆਂ, ਮਿਹਰ ਸਿੰਘ ਮਨਸੂਰ ਅਤੇ ਨਰਿੰਦਰ ਸਿੰਘ ਤਲਵੰਡੀ ਹਿੰਦੂਆਂ ਹਾਜ਼ਰ ਸਨ।
                 Advertisement 
                
 
            
        
                 Advertisement 
                
 
            
         
 
             
            