ਪਿੰਡ ਜੀਓਵਾਲ-ਬਛੂਆਂ ’ਚ ਝੰਡੀ ਦੀ ਕੁਸ਼ਤੀ ਰਹੀ ਬਰਾਬਰ
ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਦਾ ਸਨਮਾਨ
Advertisement
ਧੰਨ ਧੰਨ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਵਿੱਚ ਗੁੱਗਾ ਮਾੜੀ ਪਿੰਡ ਜੀਓਵਾਲ-ਬਛੂਆਂ ਵਿਖੇ ਸਾਲਾਨਾ ਭੰਡਾਰਾ ਮੁੱਖ ਸੇਵਾਦਾਰ ਬਲਬੀਰ ਸਿੰਘ ਦੀ ਅਗਵਾਈ ਹੇਠ ਨਗਰ ਨਿਵਾਸੀ ਸੰਗਤਾਂ ਵੱਲੋਂ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੰਦਿਆਂ ਜ਼ਰੂਰੀ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁੱਗਾ ਮਾੜੀ ’ਚ ਮੱਥਾ ਟੇਕਿਆ ਤੇ ਲੰਗਰ ਛਕਿਆ। ਇਸ ਉਪਰੰਤ ਸ਼ਾਮ ਸਮੇਂ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵੱਲੋਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਸੱਦੇ ਗਏ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਕਰਵਾਏ ਗਏ ਸਾਰੇ ਹੀ ਮੁਕਾਬਲੇ ਸ਼ਾਨਦਾਰ ਰਹੇ। ਝੰਡੀ ਦੀ ਕੁਸ਼ਤੀ ਰਾਜਾ ਅੰਮ੍ਰਿਤਸਰ ਤੇ ਸਿਕੰਦਰ ਸ਼ੇਖ ਰੋਪੜ ਦਰਮਿਆਨ ਹੋਈ। ਜਦੋਂ ਕਾਫ਼ੀ ਦੇਰ ਤੱਕ ਕੋਈ ਵੀ ਪਹਿਲਵਾਨ ਜਿੱਤ ਨਾ ਸਕਿਆ ਤਾਂ ਪ੍ਰਬੰਧਕ ਕਮੇਟੀ ਵੱਲੋਂ ਇਸ ਕੁਸ਼ਤੀ ਨੂੰ ਬਰਾਬਰ ਕਰਾਰ ਦੇ ਕੇ ਪਹਿਲਵਾਨਾਂ ਨੂੰ ਛੁਡਵਾ ਦਿੱਤਾ ਗਿਆ। ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਨਕਦ ਰਾਸ਼ੀ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਵੱਲੋਂ ਦੋਵੇਂ ਪਿੰਡਾਂ ਦੇ ਪੜ੍ਹਾਈ ਵਿੱਚ ਅੱਵਲ ਆਏ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਕਮਲਦੀਪ, ਸਰਪੰਚ ਬਲਬੀਰ ਸਿੰਘ ਭੰਗੂ, ਸਾਬਕਾ ਸਰਪੰਚ ਦੇਸਰਾਜ, ਕੈਪਟਨ ਤਰਸੇਮ ਸਿੰਘ, ਹਰਪਾਲ ਸਿੰਘ ਮਾਸਟਰ ਮਲਕੀਤ ਚੰਦ, ਮਾਸਟਰ ਪਿਆਰੇ ਲਾਲ, ਬੱਬੀ ਪਹਿਲਵਾਨ, ਅਸ਼ੋਕ ਕੁਮਾਰ, ਜਸਬੀਰ ਸਿੰਘ ਲੋਚਨ, ਮਿਸਤਰੀ ਗਿਆਨ ਚੰਦ, ਪ੍ਰੀਤਮ ਸਿੰਘ ਮੱਕੋਵਾਲ, ਗੁਲਸ਼ਨ ਕੁਮਾਰ, ਕੁਲਵਿੰਦਰ ਬਿੱਟੂ, ਡਾ. ਗੁਲਸ਼ਨ, ਵਿੱਕੀ ਬੰਗਾ ਜਸਵਿੰਦਰ ਕੁਮਾਰ ਰਾਕੇਸ਼ ਤੋਂ ਇਲਾਵਾ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।
Advertisement
Advertisement