ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਫਲੈਗ ਮਾਰਚ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਪੁਲੀਸਿੰਗ ਸਬ ਡਿਵੀਜ਼ਨ ਨਕੋਦਰ ਅੰਦਰ ਅਧੀਨ ਆਉਂਦੇ ਪਿੰਡਾਂ ਵਿੱਚ ਡੀ ਐੱਸ ਪੀ ਨਕੋਦਰ ਉਂਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਡੀ ਐੱਸ ਪੀ ਬਰਾੜ ਨੇ ਫਲੈਗ ਮਾਰਚ ਦਾ ਮੰਤਵ ਦੱਸਦਿਆਂ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਪਾਰਦਰਸ਼ਤਾ ਨਾਲ ਕਰਵਾਉਣਾ ਹੀ ਫਲੈਗ ਮਾਰਚ ਦਾ ਮੁਖ ਮੰਤਵ ਸੀ। ਫਲੈਗ ਮਾਰਚ ਰਾਹੀਂ ਵੋਟਰਾਂ ਨੂੰ ਸੱਦਾ ਦਿਤਾ ਗਿਆ ਕਿ ਉਹ ਬਿਨਾਂ ਕਿਸੇ ਡਰ-ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਮਾੜੇ ਤੇ ਭੈੜੇ ਤੱਤਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਫਲੈਗ ਮਾਰਚ ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨ ਵਿਚ ਸਹਾਈ ਹੋਵੇਗਾ। ਫਲੈਗ ਮਾਰਚ ਵਿਚ ਥਾਣਾ ਸਦਰ ਨਕੋਦਰ ਦੇ ਥਾਣਾ ਮੁਖੀ ਦਿਲਬਾਗ ਸਿੰਘ, ਸਿਟੀ ਦੇ ਮੁਖੀ ਹਰਮਿੰਦਰ ਸਿੰਘ ਸੰਧੂ ਅਤੇ ਨੂਰਮਹਿਲ ਦੇ ਥਾਣਾ ਮੁਖੀ ਪਲਵਿੰਦਰ ਸਿੰਘ ਸ਼ਾਮਿਲ ਸਨ।
