ਛੇ ਪਿਸਤੌਲਾਂ, ਕਿਲੋ ਹੈਰੋਇਨ, 6 ਲੱਖ ਦੀ ਡਰੱਗ ਮਨੀ ਸਣੇ ਪੰਜ ਕਾਬੂ
ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿਚ ਪੰਜ ਵਿਅਕਤੀਆ ਨੂੰ ਛੇ ਪਿਸਤੌਲਾਂ, ਕਿੱਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਸਾਰੇ ਵਾਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਅਤੇ ਲੁਧਿਆਣਾ ਦੇ ਪਿੰਡ ਮਨਸੂਰਾ ਦੇ ਹਰਕੀਰਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਮੈਗਜ਼ੀਨਾਂ ਸਣੇ ਦੋ 9 ਐੱਮਐੱਮ ਗਲੌਕ ਪਿਸਤੌਲ, ਮੈਗਜ਼ੀਨਾਂ ਸਣੇ ਦੋ .30 ਬੋਰ ਪੀਐਕਸ 5 ਪਿਸਤੌਲ ਅਤੇ ਮੈਗਜ਼ੀਨਾਂ ਸਣੇ ਦੋ .30 ਬੋਰ ਸਟਾਰ ਮਾਰਕ ਪਿਸਤੌਲ ਸ਼ਾਮਲ ਹਨ। ਪੁਲੀਸ ਨੇ ਖੇਪਾਂ ਦੀ ਡਿਲਿਵਰੀ ਲਈ ਵਰਤੋਂ ਕਰਨ ਵਾਲੀਆਂ ਦੋ ਕਾਰਾਂ ਅਤੇ ਇਕ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਮੁਲਜ਼ਮ ਪਾਕਿਸਤਾਨ ਸਥਿਤ ਤਸਕਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਡੀਜੀਪੀ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਟੀਮ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਮਗਰੋਂ ਪੁਲੀਸ ਨੇ ਇਨ੍ਹਾਂ ਪੰਜ ਸ਼ੱਕੀਆਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ, ਜਦੋਂ ਉਹ ਖੇਪਾਂ ਡਿਲਿਵਰ ਕਰਨ ਦੀ ਉਡੀਕ ਕਰ ਰਹੇ ਸਨ। ਮੁਲਜ਼ਮਾਂ ਵਿੱਚੋਂ ਹਵਾਲਾ ਅਪਰੇਟਰ ਨਿਕਲਿਆ ਜਿਸ ਦੀ ਪਛਾਣ ਹਰਕੀਰਤ ਵਜੋਂ ਹੋਈ ਹੈ। ਇਸ ਤੋਂ 6 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਇਹ ਪੈਸੇ ਹਵਾਲਾ ਚੈਨਲਾਂ ਰਾਹੀਂ ਪਾਕਿਸਤਾਨ ਭੇਜੇ ਜਾਣੇ ਸਨ।