ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਰੌਤੀ ਲਈ ਐੱਨਆਰਆਈ ਦੇ ਘਰ ’ਤੇ ਫਾਇਰਿੰਗ

ਪਾਕਿਸਤਾਨੀ ਗੈਂਗਸਟਰ ਨੇ ਲਈ ਜ਼ਿੰਮੇਵਾਰੀ; ਪੁਲੀਸ ਵੱਲੋਂ ਮਾਮਲੇ ਦੀ ਜਾਂਚ
Advertisement

ਹਤਿੰਦਰ ਮਹਿਤਾ

ਜਲੰਧਰ, 24 ਜੂਨ

Advertisement

ਗੁਲਾਬ ਦੇਵੀ ਰੋਡ ਨੇੜੇ ਅਮਨ ਨਗਰ ਵਿੱਚ ਸੋਮਵਾਰ ਦੇਰ ਰਾਤ ਐੱਨਆਰਆਈ ਪਰਿਵਾਰ ਦੇ ਘਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਹ ਮਾਮਲਾ ਫਿਰੌਤੀ ਦਾ ਜਾਪਦਾ ਹੈ।

ਪੁਲੀਸ ਨੇ ਕਿਹਾ ਕਿ ਪਾਕਿਸਤਾਨ ਨਾਲ ਸਬੰਧਿਤ ਇਕ ਗੈਂਗਸਟਰ ਵੱਲੋਂ ਫਿਰੌਤੀ ਦੀ ਮੰਗ ਕਰਨ ਤੋਂ ਬਾਅਦ ਐੱਨਆਰਆਈ ਦੇ ਪਰਿਵਾਰ ਨੂੰ ਡਰਾਉਣ ਲਈ ਗੋਲੀਬਾਰੀ ਕੀਤੀ ਗਈ ਸੀ।

ਏਸੀਪੀ ਉੱਤਰੀ ਆਤਿਸ਼ ਭਾਟੀਆ ਨੇ ਪੁਸ਼ਟੀ ਕੀਤੀ ਕਿ ਇਹ ਘਰ ਜਤਿੰਦਰ ਸਿੰਘ ਦਾ ਹੈ ਜੋ ਪੁਰਤਗਾਲ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੋਲੀਬਾਰੀ ਗੈਂਗਸਟਰਾਂ ਵੱਲੋਂ ਕੀਤੀ ਗਈ ਫਿਰੌਤੀ ਦੀ ਮੰਗ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਧਮਕਾਉਣ ਲਈ ਕੀਤੀ ਗਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਲਗਭਗ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲੀਸ ਅਧਿਕਾਰੀਆਂ ਨੇ ਕਿਸੇ ਖਾਸ ਰਕਮ ਦੀ ਪੁਸ਼ਟੀ ਜਾਂ ਖੁਲਾਸਾ ਨਹੀਂ ਕੀਤਾ ਹੈ।

ਇਹ ਘਟਨਾ ਜਤਿੰਦਰ ਦੀ ਮਾਂ ਚਰਨਜੀਤ ਕੌਰ ਨੂੰ ਅਣਪਛਾਤੇ ਨੰਬਰ ਤੋਂ ਧਮਕੀ ਭਰਿਆ ਫੋਨ ਆਉਣ ਤੋਂ ਸਿਰਫ਼ ਪੰਜ ਮਿੰਟ ਬਾਅਦ ਵਾਪਰੀ। ਸੀਸੀਟੀਵੀ ਫੁਟੇਜ ਵਿੱਚ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਭੱਜਣ ਤੋਂ ਪਹਿਲਾਂ ਘਰ ’ਤੇ 10-12 ਰਾਊਂਡ ਫਾਇਰ ਕਰਦੇ ਦਿਖਾਈ ਦੇ ਰਹੇ ਹਨ। ਬਾਅਦ ਵਿੱਚ ਪੁਲੀਸ ਨੂੰ ਮੌਕੇ ਤੋਂ ਚਾਰ ਗੋਲੀਆਂ ਦੇ ਖੋਲ ਮਿਲੇ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਵੀਡੀਓ ਵਿੱਚ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਭੱਟੀ ਵੱਲੋਂ ਜਤਿੰਦਰ ਨੂੰ ਗਾਲ੍ਹਾਂ ਕੱਢਣ ਅਤੇ ਧਮਕੀ ਦੇਣ ਦੀ ਆਡੀਓ ਰਿਕਾਰਡਿੰਗ ਵੀ ਵਾਇਰਲ ਹੋ ਗਈ ਹੈ। ਰਿਕਾਰਡਿੰਗ ਵਿੱਚ ਭੱਟੀ ਨੇ ਜਤਿੰਦਰ ਤੋਂ ਕਥਿਤ ਤੌਰ ’ਤੇ ਫਿਰੌਤੀ ਮੰਗੀ ਅਤੇ ਜਲੰਧਰ ਵਿੱਚ ਉਸ ਦੇ ਪਰਿਵਾਰ ਅਤੇ ਪੁਰਤਗਾਲ ਵਿੱਚ ਉਸ ਦੇ ਰੈਸਟੋਰੈਂਟ ਕਾਰੋਬਾਰ ’ਤੇ ਹਮਲਿਆਂ ਦੀ ਚਿਤਾਵਨੀ ਦਿੱਤੀ।

ਚਰਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਭੱਟੀ ਵੱਲੋਂ ਲਗਭਗ ਇੱਕ ਸਾਲ ਪਹਿਲਾਂ ਧਮਕੀਆਂ ਮਿਲੀਆਂ ਸਨ, ਜਿਸ ਲਈ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਵਾਇਰਲ ਆਡੀਓ ਅਤੇ ਵੀਡੀਓ ਦੀ ਜਾਂਚ ਕਰ ਰਹੇ ਹਾਂ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਫਿਰੌਤੀ ਦੀ ਮੰਗ ਤੋਂ ਬਾਅਦ ਪਰਿਵਾਰ ਨੂੰ ਡਰਾਉਣ ਲਈ ਗੋਲੀਬਾਰੀ ਕੀਤੀ ਗਈ ਸੀ। ਹਮਲੇ ਸਮੇਂ ਜਤਿੰਦਰ ਦੇ ਮਾਤਾ-ਪਿਤਾ ਅਤੇ ਦਾਦੀ ਘਰ ਵਿੱਚ ਮੌਜੂਦ ਸਨ ਪਰ ਉਹ ਸੁਰੱਖਿਅਤ ਹਨ।

Advertisement
Show comments