ਠੇਕੇਦਾਰ ਵੱਲੋਂ ਪੁੱਟੇ ਜਾ ਰਹੇ ਖੱਡਿਆਂ ਕਾਰਨ ਸੜਕੀ ਹਾਦਸਿਆਂ ਦਾ ਖਦਸ਼ਾ
ਕੰਢੀ ਖੇਤਰ ਵਿੱਚ ਪੀਣ ਵਾਲੇ ਪਾਣੀ ਲਈ ਪਾਈਪਾਂ ਪਾਉਣ ਵਾਲੇ ਠੇਕੇਦਾਰ ਵੱਲੋਂ ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਮਾਰਗ ਉੱਤੇ ਮਨਮਾਨੇ ਤਰੀਕੇ ਨਾਲ ਪੁੱਟੇ ਜਾ ਰਹੇ ਸੜਕਾਂ ਦੇ ਕਿਨਾਰੇ ਖੱਡੇ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਠੇਕੇਦਾਰ ਵੱਲੋਂ ਪੁੱਟੇ ਖੱਡੇ ਕਈ-ਕਈ ਦਿਨ ਖੁੱਲ੍ਹੇ ਪਏ ਰਹਿੰਦੇ ਹਨ। ਇਸ ਕਾਰਨ ਰਾਤ ਵੇਲੇ ਕਈ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉੱਧਰ ਲੋਕ ਨਿਰਮਾਣ ਵਿਭਾਗ ਇਸ ਮਾਮਲੇ ਤੋਂ ਅਣਜਾਣ ਬਣਿਆ ਹੋਇਆ ਹੈ।
ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਵਾਲੇ ਠੇਕੇਦਾਰ ਵਲੋਂ ਪੁੱਟੀਆਂ ਜਾ ਰਹੀਆਂ ਸੜਕਾਂ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਠੇਕੇਦਾਰ ਵਲੋਂ ਮਨਮਾਨੇ ਤਰੀਕੇ ਨਾਲ ਸੜਕ ਕਿਨਾਰੇ ਪਾਣੀ ਦੀਆਂ ਪਾਈਪਾਂ ’ਤੇ ਲੱਗਣ ਵਾਲੇ ਗੇਟ ਬਾਲ ਬਣਾਉਣ ਲਈ ਖੱਡੇ ਪੁੱਟੇ ਜਾ ਰਹੇ ਹਨ ਅਤੇ ਖੱਡੇ ਪੁੱਟਣ ਵੇਲੇ ਸੁਰੱਖਿਆਂ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਠੇਕੇਦਾਰ ਵੱਲੋਂ ਜੇਸੀਬੀ ਨਾਲ ਖੱਡੇ ਪੁੱਟ ਕੇ ਸੜਕ ਦੇ ਅੱਧ ਵਿਚਕਾਰ ਤੱਕ ਮਿੱਟੀ ਸੁੱਟ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦਾ ਲਾਂਘਾ ਬੰਦ ਹੋਣ ਕਿਨਾਰੇ ਹੋ ਜਾਂਦਾ ਹੈ। ਇਹ ਖੱਡੇ ਠੇਕੇਦਾਰ ਵੱਲੋਂ ਕਈ-ਕਈ ਦਿਨ ਪੂਰੇ ਹੀ ਨਹੀਂ ਜਾਂਦੇ। ਸੜਕ ਨੂੰ ਪਾਰ ਕਰਨ ਲਈ ਪਾਈਆਂ ਡੂੰਘੀਆਂ ਪੁੱਟੀਆਂ ਹੋਣ ਕਰ ਕੇ ਸੜਕਾਂ ਖੱਡਿਆਂ ਦਾ ਰੂਪ ਧਾਰਨ ਕਰ ਰਹੀਆਂ ਹਨ ਅਤੇ ਇਸ ਦੀ ਮੁਰੰਮਤ ਵੀ ਠੇਕੇਦਾਰ ਜਾਂ ਲੋਕ ਨਿਰਮਾਣ ਵਿਭਾਗ ਵਲੋਂ ਸਮੇਂ ਸਿਰ ਯਕੀਨੀ ਨਹੀਂ ਬਣਾਈ ਜਾ ਰਹੀ। ਇਸ ਤੋਂ ਇਲਾਵਾ ਇਹ ਖੱਡੇ ਸੜਕ ਦੀਆਂ ਬ਼ਰਮਾਂ ਨੂੰ ਨੁਕਸਾਨ ਪੁਜਾ ਕੇ ਕੇ ਪੁੱਟੇ ਜਾ ਰਹੇ ਹਨ। ਇਸ ਨਾਲ ਬਰਸਾਤੀ ਮੌਸਮ ਵਿੱਚ ਸੜਕਾਂ ਵੀ ਨੁਕਸਾਨੀਆਂ ਜਾ ਰਹੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਲੋਕ ਨਿਰਮਾਣ ਅਧਿਕਾਰੀ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸੜਕ ਕਿਨਾਰੇ ਖੱਡੇ ਬਣਾ ਰਹੇ ਠੇਕੇਦਾਰ ਨੂੰ ਸਖ਼ਤ ਹਦਾਇਤ ਕਰ ਕੇ ਸੜਕਾਂ ਦਾ ਨੁਕਸਾਨ ਰੋਕਿਆ ਜਾਵੇ ਅਤੇ ਖੱਡੇ ਪੁੱਟਣ ਵੇਲੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ: ਏਜੀਐੱਮ
ਜਲ ਸਪਲਾਈ ਸਕੀਮ ਦਾ ਕੰਮ ਕਰਨ ਵਾਲੀ ਕੰਪਨੀ ਦੇ ਏਜੀਐੱਮ ਜਤਿੰਦਰ ਕੌਸ਼ਲ ਨੇ ਕਿਹਾ ਕਿ ਕੰਮ ਅੱਗੇ ਪੇਟੀ ਠੇਕੇਦਾਰ ਨੂੰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ। ਉਹ ਤੁਰੰਤ ਸਬੰਧਤ ਪੇਟੀ ਠੇਕੇਦਾਰ ਨੂੰ ਹਦਾਇਤਾਂ ਕਰ ਕੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ।
ਮਾਮਲਾ ਧਿਆਨ ਵਿੱਚ ਨਹੀਂ: ਨੈਨ
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੰਵਲ ਨੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਉਹ ਤੁਰੰਤ ਹੇਠਲੇ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਕਰਨਗੇ। ਠੇਕੇਦਾਰ ਨੂੰ ਨੁਕਸਾਨੀਆਂ ਸੜਕਾਂ ਤੁਰੰਤ ਠੀਕ ਕਰਨ ਦੀ ਹਦਾਇਤ ਕੀਤੀ ਜਾਵੇਗੀ।