ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮੀ ਮਾਰਗ ਤੇ ਰੇਲ ਆਵਾਜਾਈ ਠੱਪ ਕਰਨਗੇ ਕਿਸਾਨ

ਗੰਨੇ ਦੇ ਭਾਅ ’ਚ ਵਾਧੇ ਤੇ ਮਿੱਲਾਂ ਚਲਾਉਣ ਦੀ ਮੰਗ ਲਈ ਡੀ ਸੀ ਦਫ਼ਤਰ ਦਾ ਘਿਰਾਓ 18 ਨੂੰ
ਵਿਧਾਇਕ ਕਰਮਵੀਰ ਘੁੰਮਣ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ।
Advertisement

ਗੰਨੇ ਦੇ ਰੇਟ ਵਿੱਚ ਵਾਧੇ ਅਤੇ ਖੰਡ ਮਿੱਲਾਂ ਤਰੰਤ ਚਲਾਉਣ ਦੀ ਮੰਗ ਲਈ ਦੋਆਬਾ ਕਿਸਾਨ ਕਮੇਟੀ ਨੇ 18 ਨਵੰਬਰ ਨੂੰ ਡੀ ਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਅਤੇ 21 ਨੂੰ ਕੌਮੀ ਮਾਰਗ ਅਤੇ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜਨ ਦੀ ਬਕਾਇਆ ਕਰੀਬ 93 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ। ਫਗਵਾੜਾ ਮਿੱਲ ਦੀ ਸਰਕਾਰ ਵੱਲ ਖੜੀ ਪਿਛਲੀ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਗੰਨੇ ਦੇ ਨਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਨਵੰਬਰ ਮਹੀਨੇ ਕੀਤੀ ਜਾਂਦੀ ਹੈ, ਪਰ ਸਰਕਾਰ ਇਸ ਬਾਰੇ ਵੀ ਚੁੱਪ ਹੈ। ਸੂਗਰ ਕੇਨ ਕੰਟਰੋਲ ਬੋਰਡ ਦਾ ਗਠਨ ਵੀ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਉਸ ਦੀ ਮੀਟਿੰਗ ਤੋਂ ਬਾਅਦ ਹੀ ਪ੍ਰੀਕਿਰਿਆ ਸ਼ੁਰੂ ਹੁੰਦੀ ਹੈ।

ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦੇ ਰੇਟ ਵਿੱਚ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਇਸ ਮਾਮਲੇ ’ਤੇ ਵੀ ਚੁੱਪ ਹੈ। ਸਰਕਾਰ ਵੱਲੋਂ ਸੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਗੰਨਾ ਕਾਸ਼ਤਕਾਰ ਫਿਕਰਮੰਦ ਹਨ। ਗੰਨਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਪਿਛਲੇ ਸਾਲ ਦੀ ਬਕਾਇਆ ਰਾਸ਼ੀ ਦੀ ਤਰੁੰਤ ਅਦਾਇਗੀ ਅਤੇ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਸਣੇ ਸਹਿਕਾਰੀ ਖੰਡ ਮਿੱਲਾਂ ਦੀ ਤਰਜ਼ ’ਤੇ ਇਕ ਕਾਊਂਟਰ ਉੱਤੇ ਪੇਮੈਂਟ ਕਰਨ ਦੀ ਮੰਗ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ 15 ਨਵੰਬਰ ਤੱਕ ਪੰਜਾਬ ਸਰਕਾਰ ਨੇ ਕੋਈ ਫ਼ੈਸਲਾ ਨਾ ਕੀਤਾ ਤਾਂ ਸਮੁੱਚੀਆ ਕਿਸਾਨ ਜਥੇਬੰਦੀਆਂ ਡਿਪਟੀ ਕਮਿਸ਼ਨਰਾਂ ਦੇ ਸਾਹਮਣੇ 18 ਨਵੰਬਰ ਨੂੰ ਰੋਸ ਪ੍ਰਦਰਸ਼ਨ ਅਤੇ 21 ਨਵੰਬਰ ਨੂੰ ਵੱਡੇ ਪੱਧਰ ’ਤੇ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ਜਾਮ ਕਰਨਗੀਆਂ। ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ, ਮਹਿਤਾਬ ਸਿੰਘ ਹੁੰਦਲ, ਜਗਮੋਹਨ ਸਿੰਘ ਮੀਰਪੁਰ, ਇਕਾਈ ਪ੍ਰਧਾਨ ਜੱਜ ਸਿੰਘ, ਮੁਸਲਿਮ ਭਾਈਚਾਰੇ ਦੇ ਜ਼ਿਲ੍ਹਾ ਪ੍ਰਧਾਨ ਅਬਦੁਲ ਬਾਸਿਤ ਇਮਾਮ ਅਤੇ ਇਕਾਈ ਪ੍ਰਧਾਨ ਬਰਕਤ ਅਲੀ ਦਸੂਆ ਹਾਜ਼ਰ ਸਨ।

Advertisement

Advertisement
Show comments