ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਡਟੇ ਕਿਸਾਨ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਅਤੇ ਹੋਰ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜ਼ਿਲ੍ਹਾ ਪ੍ਰਧਾਨ ਮੇਹਰ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮੁੱਖ ਬੁਲਾਰੇ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਕਿਸਾਨਾਂ ਲਈ ਬਹੁਤ ਘਾਤਕ ਹੈ। ਜਦ ਵੀ ਪਹਿਲਾਂ ਸਰਕਾਰ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਦੀ ਸੀ ਤਾਂ ਕਿਸਾਨਾਂ ਨੂੰ ਉਸ ਦੀ ਜ਼ਮੀਨ ਤੋਂ 4 ਗੁਣਾਂ ਰੇਟ ਅਤੇ ਗੁਜ਼ਾਰਾ ਭੱਤਾ ਵੀ ਮਿਲਦਾ ਸੀ ਜਿਸ ਨਾਲ ਕਿਸਾਨ ਦੂਸਰੇ ਜ਼ਿਲ੍ਹਿਆਂ ਵਿੱਚ ਜਾ ਕੇ ਜ਼ਮੀਨ ਖਰੀਦ ਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਕਰ ਲੈਂਦੇ ਸਨ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਕਿੱਲਾ ਜ਼ਮੀਨ ਦੇ ਕੇ 2 ਕਨਾਲ ਲੈ ਲੈਣ। ਜਦ ਕਿ ਪੰਜਾਬ ਸਰਕਾਰ ਦੇ ਸਿਰ ਤਾਂ ਪਹਿਲਾਂ ਹੀ ਬਹੁਤ ਕਰਜ਼ਾ ਹੈ, ਉਹ ਕਿਸਾਨਾਂ ਨੂੰ ਕਿੱਥੋਂ ਪੈਸਾ ਦੇਵੇਗੀ। ਇੱਥੋਂ ਤੱਕ ਕਿ ਮੁਲਾਜ਼ਮਾਂ ਦੀ ਤਨਖਾਹ ਅਤੇ ਗੰਨੇ ਦੀ ਬਕਾਇਆ ਰਾਸ਼ੀ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ। ਦੂਸਰੇ ਪਾਸੇ ਯੂਰੀਆ ਦੀ ਕਿੱਲਤ ਵੀ ਲੰਬੇ ਸਮੇਂ ਤੋਂ ਹੈ ਅਤੇ ਦੁੱਗਣੇ ਰੇਟ ’ਤੇ ਯੂਰੀਆ ਵਿਕ ਰਹੀ ਹੈ ਜੋ ਕਿਸਾਨਾਂ ਦੀ ਸਿੱਧੀ ਲੁੱਟ ਹੈ। ਇਸ ’ਤੇ ਨਾ ਤਾਂ ਕੋਈ ਮੰਤਰੀ ਅਤੇ ਨਾ ਹੀ ਕੋਈ ਵਿਧਾਇਕ ਬੋਲ ਰਿਹਾ ਹੈ। ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਅਤੇ ਹੁਣ ਤੱਕ ਕੋਈ ਸਰਕਾਰੀ ਮਦਦ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ):ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿੱਦੀ ਨੇ ਪਿੰਡ ਰੇੜ੍ਹਵਾਂ ਵਿਚ ਜੁੜੇ ਕਿਸਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਹਰੇਕ ਵਰਗ ਦਾ ਉਜਾੜਾ ਕਰਨ ਵਾਲੀ ਨੀਤੀ ਦੱਸਿਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੰਜਾਬ ਭਰ ਵਿਚ 11 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਕੇ ਇਸ ਦਾ ਵਿਰੋਧ ਕਰੇਗੀ। 21 ਅਗਸਤ ਨੂੰ ਜਲੰਧਰ ਵਿਖੇ ਸੂਬਾਈ ਰੈਲੀ ਕਰਕੇ ਇਸ ਨੀਤੀ ਨੂੰ ਵਾਪਿਸ ਲੈਣ ਦੀ ਮੰਗ ਕਰੇਗੀ। ਉਕਤ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਦੇ ਪਿੰਡਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਧਾਰੀਵਾਲ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਧਾਰੀਵਾਲ ਦੀ ਮੀਟਿੰਗ ਇਥੇ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਦੇ ਦੀਵਾਨ ਹਾਲ ਵਿੱਚ ਹੋਈ। ਜ਼ੋਨ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਕਲਾਂ ਤੇ ਸਕੱਤਰ ਸਤਨਾਮ ਸਿੰਘ ਖਾਨਮਲਕ ਦੀ ਅਗਵਾਈ ਹੇਠ ਮੀਟਿੰਗ ਵਿੱਚ ਜ਼ੋਨ ਅਧੀਨ ਪੈਂਦੇ ਸਾਰੇ ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਸ਼ਾਮਲ ਹੋਏ। ਕਿਸਾਨਾਂ ਨੇ ਗੁਰਦੁਆਰਾ ਬੁਰਜ ਸਾਹਿਬ ਤੋਂ ਰੋਸ ਮਾਰਚ ਕਰਦੇ ਹੋਏ ਸ਼ਹਿਰ ਦੇ ਖੁੰਡਾ ਰੋਡ ’ਤੇ ਨੈਸ਼ਨਲ ਹਾਈਵੇਅ ਬਾਈਪਾਸ ਪੁੱਲ ਹੇਠਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਕਿਸਾਨ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟਾਂ ਦੇ ਇਸ਼ਾਰੇ ’ਤੇ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਕੇ ਅਰਬਨ ਸਟੇਟ ਬਣਾਉਣ ਦੇ ਨਾਂ ’ਤੇ ਕਿਸਾਨਾਂ ਨੂੰ ਲੁੱਟਣ ਲਈ ਉਤਾਵਲੀ ਹੈ।ਬਿਜਲੀ ਦੇ ਨਿੱਜੀਕਰਨ, ਪ੍ਰੀਪੇਡ ਮੀਟਰ ਲਗਾਉਣ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਲਈ ਹਰ ਪਿੰਡ ਵਿਚ ਫਲੈਕਸ ਤੇ ਬੈਨਰ ਲਗਾਏ ਜਾਣਗੇ।