ਕਿਸਾਨ ਦੇ ਕਤਲ ਦਾ ਮਾਮਲਾ ਹੱਲ; ਮੁਲਜ਼ਮ ਗ੍ਰਿਫ਼ਤਾਰ
ਲੋਹੀਆਂ ਖਾਸ ਦੀ ਪੁਲੀਸ ਨੇ ਇੱਕ ਕਿਸਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ ਐੱਸ ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ 3 ਨਵੰਬਰ ਨੂੰ ਕਿਸਾਨ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਚੇਲਾ ਦਾ ਕਤਲ ਹੋ ਗਿਆ ਸੀ। ਅਮਨਦੀਪ ਸਿੰਘ ਦੇ ਸਾਲੇ ਭੁਪਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਅਮਰਗੜ੍ਹ ਬਾਂਡੀਆ ਥਾਣਾ ਸਦਰ ਜ਼ੀਰਾ (ਫਿਰੋਜ਼ਪੁਰ) ਦੇ ਬਿਆਨਾਂ ’ਤੇ ਲੋਹੀਆਂ ਖਾਸ ਥਾਣੇ ’ਚ ਅਸ਼ਮਨ ਪੁੱਤਰ ਬਲਦੇਵ ਸਿੰਘ ਵਾਸੀ ਨਿਹਾਲੂਵਾਲ, ਬਲਰਾਜ ਉਰਫ਼ ਬਾਜਾ ਵਾਸੀ ਨਿਹਾਲੂਵਾਲ ਤੇ ਡਰਾਈਵਰ ਅਕਾਸ਼ਦੀਪ ਉਰਫ਼ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਮੁਰੀਦਵਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਗੁਰਸ਼ਰਨ ਸਿੰਘ ਦੀ ਅਗਵਾਈ ’ਚ ਟੀਮ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਅਮਨਦੀਪ ਸਿੰਘ ਤੇ ਡਰਾਈਵਰ ਅਕਾਸ਼ਦੀਪ ਉਰਫ ਕਾਲੂ ਨੇ ਖੇਤਾਂ ਵਿੱਚ ਇਕੱਠਿਆ ਸਰਾਬ ਪੀਤੀ। ਸ਼ਰਾਬੀ ਹਾਲਤ ’ਚ ਡਰਾਈਵਰ ਨੇ ਕਿਸਾਨ ਦੇ 10,000 ਰੁਪਏ ਕੱਢ ਲਏ। ਅਮਨਦੀਪ ਵੱਲੋਂ ਵਿਰੋਧ ਕੀਤੇ ਜਾਣ ’ਤੇ ਡਰਾਈਵਰ ਨੇ ਉਸ ਦਾ ਗਲਾ ਘੁੱਟਣ ਮਗਰੋਂ ਟਰੈਕਟਰ ਦਾ ਟਾਇਰ ਉਸ ਦੇ ਸਿਰ ਉੱਪਰੋਂ ਲੰਘਾ ਕੇ ਉਸ ਦਾ ਕਤਲ ਕਰ ਦਿੱਤਾ।
