ਕਿਸਾਨਾਂ ਵੱਲੋਂ ਹਾਈਵੇਅ ਜਾਮ ਦਾ ਐਲਾਨ
ਆਪਣੇ ਖੇਤਾਂ ਵਿੱਚੋਂ ਰੇਤਾ ਚੁੱਕਣ ’ਤੇ ਪੁਲੀਸ ਕਾਰਵਾੲੀ ਦਾ ਵਿਰੋਧ
Advertisement
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਮੁਝੈਲ) ਨੇ 5 ਨਵੰਬਰ ਨੂੰ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਜਿਸਕਾ ਖੇਤ ਉਸਦੀ ਰੇਤ’ ਦੇ ਐਲਾਨ ਅਨੁਸਾਰ ਪਿੰਡ ਚੱਕ ਬਾਹਮਣੀਆਂ ਦੇ ਕੁਝ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚੋਂ ਰੇਤਾ ਚੁਕਵਾਈ ਜਾ ਰਹੀ ਸੀ। ਸ਼ਾਹਕੋਟ ਪੁਲੀਸ ਨੇ ਕਿਸਾਨਾਂ ’ਤੇ ਮੁਕੱਦਮਾ ਦਰਜ ਕਰਨ ਸਣੇ ਕਈ ਖਾਲੀ ਟਰੈਕਟਰ/ਟਰਾਲੀਆਂ, ਟਿੱਪਰ, ਜੇ ਸੀ ਬੀ ਅਤੇ ਪੋਕ ਮਸ਼ੀਨਾਂ ਕਬਜ਼ੇ ਵਿਚ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ 27 ਅਕਤੂਬਰ ਨੂੰ ਸ਼ਾਹਕੋਟ ਥਾਣੇ ਅੱਗੇ ਧਰਨਾ ਲਗਾਇਆ ਸੀ। ਉਸ ਦਿਨ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਹਫ਼ਤੇ ਦੇ ਅੰਦਰ-ਅੰਦਰ ਇਸ ਮਸਲੇ ਦਾ ਹੱਲ ਕੱਢਣ ਦਾ ਵਾਅਦਾ ਕੀਤਾ ਸੀ। ਵਾਅਦੇ ਦੇ ਪੰਜ ਦਿਨ ਬੀਤਣ ਦੇ ਬਾਵਜੂਦ ਹੁਣ ਤੱਕ ਮਸਲੇ ਦਾ ਹੱਲ ਨਹੀਂ ਕੀਤਾ। ਪੁਲੀਸ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਦੇਖਦਿਆਂ ਉਨ੍ਹਾਂ 5 ਨਵੰਬਰ ਨੂੰ ਕੌਮੀ ਮਾਰਗ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਭਜਨ ਸਿੰਘ ਅਤੇ ਆਤਮਾ ਸਿੰਘ ਵੀ ਉਨ੍ਹਾਂ ਨਾਲ ਸਨ।ਇਸ ਸਬੰਧੀ ਥਾਣਾ ਸ਼ਾਹਕੋਟ ਦੇ ਸਬ-ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਨਾਲ ਪੁਲੀਸ ਦਾ ਕੋਈ ਸਬੰਧ ਨਹੀਂ ਹੈ। ਬੀ ਡੀ ਪੀ ਓ ਸ਼ਾਹਕੋਟ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਸਾਨ ਆਗੂਆਂ ਨੂੰ ਦੱਸ ਦਿੱਤਾ ਹੈ ਕਿ ਇਸਦਾ ਹੱਲ ਅਦਾਲਤ ਵਿਚ ਹੀ ਹੋਣਾ ਹੈ।
Advertisement
Advertisement
