ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰ ਕਿਸਾਨ ਨੂੰ ਮਿਲੇਗਾ ਫ਼ਸਲੀ ਨੁਕਸਾਨ ਦਾ ਪੂਰਾ ਮੁਆਵਜ਼ਾ: ਮੁੰਡੀਆਂ

ਆਹਲੀ ਕਲਾਂ, ਆਹਲੀ ਖੁਰਦ, ਬਾਊਪੁਰ ਤੇ ਸਾਂਗਰਾ ਦਾ ਦੌਰਾ; ਪ੍ਰਭਾਵਿਤ ਪਰਿਵਾਰਾਂ ਦਾ ਹਾਲ-ਚਾਲ ਜਾਣਿਆ
ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ।
Advertisement

ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਹਰ ਕਿਸਾਨ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਅੱਜ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਪੀੜਤਾਂ ਦੀ ਸਾਰ ਲੈਣ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ ਅਤੇ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਮਾਲ ਅਫ਼ਸਰ ਅਤੇ ਨਾਇਬ ਤਹਿਸੀਲਦਾਰ ਤਾਇਨਾਤ ਕੀਤੇ ਗਏ ਹਨ। ਇਹ ਨਾਇਬ ਤਹਿਸੀਲਦਾਰ ਕੇਵਲ ਸਪੈਸ਼ਲ ਗਿਰਦਾਵਰੀ ਦਾ ਕੰਮ ਹੀ ਦੇਖਣਗੇ।

Advertisement

ਉਨ੍ਹਾਂ ਕਿਹਾ ਕਿ ਪਾਣੀ ਘੱਟਦੇ ਸਾਰ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ। ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰੇਕ ਹੜ੍ਹ ਪ੍ਰਭਾਵਿਤ ਪਿੰਡ ਨੂੰ ਕਿਸ਼ਤੀ ਦਿੱਤੀ ਜਾ ਰਹੀ ਹੈ ਤਾਂ ਜੋ ਪਾਣੀ ’ਚ ਘਿਰੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਮੰਤਰੀ ਵੱਲੋਂ ਪਿੰਡ ਆਹਲੀ ਕਲਾਂ, ਆਹਲੀ ਖੁਰਦ ਅਤੇ ਬਾਊਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਹਲੀ ਕਲਾਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ, ਜਿੱਥੇ ਬੀਤੇ ਕੱਲ੍ਹ ਆਰਜ਼ੀ ਬੰਨ੍ਹ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਆਹਲੀ ਕਲਾਂ ਦੇ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਆਰਜ਼ੀ ਬੰਨ੍ਹ ਟੁੱਟਣ ਕਾਰਨ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ ਅਤੇ ਪੰਚਾਇਤ ਵੱਲੋਂ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਉਨ੍ਹਾਂ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਕਿਸ਼ਤੀ ਰਾਹੀਂ ਪਿੰਡ ਸਾਂਗਰੇ ਵੀ ਪਹੁੰਚੇ, ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਵਧੇ ਪੱਧਰ ਕਰਕੇ ਮੰਡ ਖੇਤਰ ਦੇ ਨੀਵੇਂ ਇਲਾਕਿਆਂ ਦੇ ਲੋਕ ਸੁਰੱਖਿਅਤ ਥਾਵਾਂ ਤੇ ਆ ਜਾਣ । ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ , ਹਲਕਾ ਇੰਚਾਰਜ ਕਪੂਰਥਲਾ ਐਡਵੋਕੇਟ ਕਰਮਬੀਰ ਸਿੰਘ ਚੰਦੀ , ਐਸ ਐਸ ਪੀ ਗੌਰਵ ਤੂਰਾ , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਸਰਬਜੀਤ ਸਿੰਘ ਲੁਬਾਣਾ, ਜ਼ਿਲ੍ਹਾ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹ ਵਿੱਚ ਰਾਹਤ ਕੰਮਾਂ ਦੀ ਸਮੀਖਿਆ ਕੀਤੀ।

Advertisement
Show comments