ਮੁਲਾਜ਼ਮਾਂ ਵੱਲੋਂ ਮਿਨੀ ਸਕੱਤਰੇਤ ਦੇ ਬਾਹਰ ਧਰਨਾ
ਆਸ਼ਾ ਵਰਕਰਾਂ ਦਾ ਰੁਜ਼ਗਾਰ ਦੇ ਨਾਂਅ ’ਤੇ ਸ਼ੋਸ਼ਣ ਕਰਨ ਦਾ ਦੋਸ਼
Advertisement
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੱਦੇ ’ਤੇ ਅੱਜ ਮਿਨੀ ਸਕੱਤਰੇਤ ਅੱਗੇ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਆਖਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਹਰ ਵਰਗ ਨਾਲ ਧੱਕਾ ਅਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮਾਣ ਭੱਤੇ ਉੱਤੇ ਕੰਮ ਕਰਦੀਆਂ ਮਿਡ-ਡੇਅ ਮੀਲ ਕੁੱਕ ਵਰਕਰਾਂ ਅਤੇ ਇਨਸੈਂਟਿਵ ’ਤੇ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਮੁਲਾਜ਼ਮਾਂ ਦਾ ਰੁਜ਼ਗਾਰ ਦੇ ਨਾਂਅ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾ ਰਹੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜੋ ਨੀਤੀ ਬਣਾਈ ਗਈ ਹੈ, ਉਹ ਵੀ ਮਾੜੀ ਨੀਤੀ ਬਣਾਈ ਗਈ ਹੈ। ਇਨ੍ਹਾਂ ਤਿਉਹਾਰਾਂ ਦੇ ਦਿਨਾਂ ਅੰਦਰ ਆਸ ਲਾਈ ਬੈਠੇ ਮੁਲਾਜ਼ਮਾਂ ਨੂੰ ਮਹਿਗਾਈ ਭੱਤਾ ਕੇਂਦਰ ਨਾਲੋਂ 16 ਫ਼ੀਸਦੀ ਘੱਟ ਦਿੱਤਾ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਸਰਕਾਰ ਭੱਜ ਗਈ ਹੈ, ਪ੍ਰੋਵੇਸ਼ਨਲ ਪੀਰੀਅਡ ਦੇ ਨਾਂਅ ’ਤੇ ਤਿੰਨ ਸਾਲ ਮੁਢਲੀ ਤਨਖਾਹ ਦੇ ਕੇ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਜਾਰੀ ਹੈ ਅਤੇ ਜਬਰੀ ਕੇਂਦਰੀ ਤਨਖਾਹ ਸਕੇਲ ਥੋਪੇ ਹੋਏ ਹਨ।
ਆਗੂਆਂ 16 ਨਵੰਬਰ ਨੂੰ ਸਾਂਝਾ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਣ ਦਾ ਐਲਾਨ ਕੀਤਾ। ਮੁਲਾਜ਼ਮਾਂ ਨੇ ਮਿਨੀ ਸਕੱਤਰੇਤ ਤੱਕ ਮਾਰਚ ਕੀਤਾ ਅਤੇ ਐੱਸ.ਡੀ.ਐੱਮ. ਨੂੰ ਮੁੱਖ ਮੰਤਰੀ ਦੇ ਨਾਂਅ ਰੋਸ ਪੱਤਰ ਦਿੱਤਾ। ਧਰਨੇ ਨੂੰ ਸਾਥੀ ਸਤੀਸ਼ ਰਾਣਾ ਤੋਂ ਇਲਾਵਾ ਸੰਜੀਵ ਧੂਤ, ਸੁਰਜੀਤ ਰਾਜਾ, ਵਿਕਾਸ ਸ਼ਰਮਾ, ਸੁਨੀਲ ਕੁਮਾਰ ਸ਼ਰਮਾ, ਹਰਨਿੰਦਰ ਕੌਰ, ਆਸ਼ਾ ਰਾਣੀ, ਨਰਿੰਦਰ ਅਜਨੋਹਾ, ਮਨਜੀਤ ਸਿੰਘ ਬਾਜਵਾ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਮਕੀਮਪੁਰ ਤੇ ਜਸਪ੍ਰੀਤ ਜੱਸੀ ਆਦਿ ਨੇ ਵੀ ਸੰਬੋਧਨ ਕੀਤਾ।
Advertisement
Advertisement