ਸਿਆਸੀ ਆਗੂਆਂ ਲਈ ਹੋਂਦ ਦੀ ਲੜਾਈ ਬਣੀਆਂ ਚੋਣਾਂ
ਜਾਣਕਾਰੀ ਅਨੁਸਾਰ ‘ਆਪ’ ਵੱਲੋਂ ਬੀਤੇ ਦਿਨ ਕੱਢੇ ਗਏ ਰੋਡ ਸ਼ੋਅ ਦੌਰਾਨ ‘ਆਪ’ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਤੋਂ ਬਿਨਾਂ ਸਾਬਕਾ ਹਲਕਾ ਇੰਚਾਰਜ ਸੁਲੱਖਣ ਜੱਗੀ ਜਾਂ ਹੋਰ ਪੁਰਾਣੇ ਆਗੂ ਨਦਾਰਦ ਰਹੇ ਹਨ। ਪਾਰਟੀ ਦੇ ਬਲਾਕ ਸਮਿਤੀ ਤੇ ਪਰਿਸ਼ਦ ਚੋਣਾਂ ’ਚ ਉੱਤਰੇ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਵੱਖੋ ਵੱਖ ਆਗੂ ਆਪੋ ਆਪਣੇ ਉਮੀਦਵਾਰਾਂ ਦੇ ਪੱਖ ’ਚ ਅੱਡੋ ਅੱਡ ਪ੍ਰਚਾਰ ਰਹੇ ਹਨ।
ਕਾਂਗਰਸੀ ਆਗੂਆਂ ਵਿੱਚੋਂ ਸਾਬਕਾ ਵਿਧਾਇਕਾ ਬੀਬੀ ਇੰਦੂ ਬਾਲਾ ਅਤੇ ਸਰਬਜੋਤ ਸਿੰਘ ਸਾਬੀ ਵੱਲੋਂ ਆਪੋ ਆਪਣੇ ਹਮਾਇਤੀਆਂ ਦੇ ਪੱਖ ਵਿੱਚ ਚੋਣ ਪ੍ਰਚਾਰ ਭਖਾਇਆ ਹੋਇਆ ਹੈ। ਇੱਕਾ ਦੁੱਕਾ ਮੀਟਿੰਗਾਂ ਨੂੰ ਛੱਡ ਕੇ ਦੋਵੇਂ ਆਗੂ ਇੱਕ ਮੰਚ ‘ਤੇ ਘੱਟ ਹੀ ਨਜ਼ਰ ਆਏ ਹਨ। ਕਾਂਗਰਸੀ ਆਗੂਆਂ ਵਿੱਚ ਆਪਸੀ ਇੱਕਜੁੱਟਤਾ ਦੀ ਘਾਟ ਇਸ ਕਰਕੇ ਵੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਵਿੱਚ ਵੀ ਮੁਕੇਰੀਆਂ ਹਲਕੇ ਤੋਂ ਕਰੀਬ 6 ਆਗੂ ਵਿਧਾਨ ਸਭਾ ਚੋਣਾਂ ਲਈ ਦਾਅਵੇਦਾਰੀ ਰੱਖਦੇ ਹਨ।
ਭਾਜਪਾ ਵਿੱਚ ਵੀ ਆਪਸੀ ਖਿੱਚੋਤਾਣ ਬਣੀ ਹੋਈ ਹੈ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਅਤੇ ਮੌਜੂਦਾ ਵਿਧਾਇਕ ਜੰਗੀ ਲਾਲ ਮਹਾਜ਼ਨ ਵਿੱਚ ਅਗਾਮੀ ਵਿਧਾਨ ਸਭਾ ਚੋਣਾ ਲਈ ਉਮੀਦਵਾਰੀ ਵਜੋਂ ਦੌੜ ਲੱਗੀ ਹੋਈ ਹੈ। ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਿਨਾਂ ਹਲਕਾ ਇੰਚਾਰਜ ਚੋਣ ਲੜ ਰਿਹਾ ਹੈ, ਪਰ ਚੋਣਾਂ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ ਕਰ ਰਹੇ ਹਨ। ਚੱਕ ਪਰਿਵਾਰ ਤੋਂ ਬਿਨਾਂ ਮੁਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜੀ ਦੇ ਦਾਅਵੇਦਾਰ ਕਿਰਪਾਲ ਸਿੰਘ ਗੇਰਾ ਤੇ ਈਸ਼ਰ ਸਿੰਘ ਮੰਝਪੁਰ ਆਪੋ ਆਪਣੇ ਹਲਕੇ ਅੰਦਰ ਸਰਗਰਮ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਅਕਾਲੀ ਤੋਂ ਕਾਂਰਗਸੀ ਬਣੇ ਸਰਬਜੋਤ ਸਿੰਘ ਸਾਬੀ ਦੇ ਪਾਰਟੀ ਬਦਲਣ ਦਾ ਵੀ ਨੁਕਸਾਨ ਹੋ ਸਕਦਾ ਹੈ।
