ਸਿੱਖਿਆ ਅਫ਼ਸਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਸਕੂਲਾਂ ਦਾ ਦੌਰਾ
ਡੀਈਓ ਵੱਲੋਂ ਅਸੁਰੱਖਿਅਤ ਬਿਲਡਿੰਗਾਂ ਤੇ ਵੱਖ ਵੱਖ ਪ੍ਰਾਜੈਕਟਾਂ ਦਾ ਜਾਇਜ਼ਾ; ਅਧਿਆਪਕਾਂ ਦੀਆਂ ਸੁਣੀਆਂ ਮੁਸ਼ਕਲਾਂ
Advertisement
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਵੱਖ-ਵੱਖ ਸਕੂਲਾਂ ਦੇ ਦੌਰੇ ਕਰਕੇ ਅਸੁਰੱਖਿਅਤ ਬਿਲਡਿੰਗਾਂ, ਬੱਚਿਆਂ ਦੀ ਸੁਰੱਖਿਆ ਅਤੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਉਨ੍ਹਾਂ ਸਕੂਲਾਂ ਵਿੱਚ ਚੱਲ ਰਹੇ ਮਿਸ਼ਨ ਸਮਰਥ ਦਾ ਜਾਇਜ਼ਾ ਵੀ ਲਿਆ ਅਤੇ ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਜਾਂਚਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਨੇ ਦੱਸਿਆ ਕਿ ਬਾਰਸ਼ ਅਤੇ ਹੜ੍ਹਾਂ ਕਾਰਨ ਸਕੂਲਾਂ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਕਵਾਲ, ਸਰਕਾਰੀ ਪ੍ਰਾਇਮਰੀ ਸਕੂਲ ਅਦਾਲਤਗੜ, ਸਰਕਾਰੀ ਪ੍ਰਾਇਮਰੀ ਸਕੂਲ ਚੇਲੇ ਚੱਕ, ਸਰਕਾਰੀ ਪ੍ਰਾਇਮਰੀ ਸਕੂਲ ਤਾਹਰਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੈਬਤ ਪਿੰਡੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਕੂਲਾਂ ਦੀਆਂ ਅਸੁਰੱਖਿਅਤ ਬਿਲਡਿੰਗਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਮਿਡ-ਡੇਅ ਮੀਲ ਨੂੰ ਚੈੱਕ ਕੀਤਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੇ ਕਈ ਸਕੂਲਾਂ ਦੀਆਂ ਇਮਾਰਤਾਂ, ਚਾਰਦੀਵਾਰੀਆਂ ਅਤੇ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ। ਇਸ ਮੌਕੇ ਜੇਈ ਨਰਿੰਦਰ ਸਿੰਘ, ਸੀਐਚਟੀ ਪਵਨ ਕੁਮਾਰ, ਬਲਕਾਰ ਅੱਤਰੀ ਅਤੇ ਸਕੂਲਾਂ ਦਾ ਸਮੂਹ ਸਟਾਫ਼ ਹਾਜ਼ਰ ਸੀ।
Advertisement
Advertisement