ਦੀਵਾ-ਥਾਲੀ ਤੇ ਰੰਗੋਲੀ ਮੁਕਾਬਲਾ
ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਐੱਸ ਬੀ ਨਾਯਰ ਦੀ ਪ੍ਰਧਾਨਗੀ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ। ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਸਬੰਧੀ ਭਜਨ ਗਾਇਨ ਕੀਤੇ। ਵਿਦਿਆਰਥੀਆਂ ਦੇ ਦੀਵਾ-ਥਾਲੀ ਮੁਕਾਬਲਾ ਕਰਵਾਇਆ। ਉਪਰੰਤ ਸਕੂਲ ਦੇ ਚਾਰ ਹਾਊਸਾਂ ਵਿੱਚ ਰੰਗੋਲੀ ਮੁਕਾਬਲਾ ਕਰਵਾਇਆ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਐੱਸ ਬੀ ਨਾਯਰ ਨੇ ਸਨਮਾਨਿਤ ਕੀਤਾ। ਉਨ੍ਹਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਸਕੂਲ ਵਿੱਚ ਬਣਾਈ ਈਕੋ ਕਲੱਬ ਸੁਸਾਇਟੀ ਵੱਲੋਂ ਰੁੱਖ ਲਗਾ ਕੇ ਹਰੀ ਦੀਵਾਲੀ ਮਨਾਉਣ ਦਾ ਵੀ ਸੰਦੇਸ ਦਿੱਤਾ ਗਿਆ। -ਪੱਤਰ ਪ੍ਰੇਰਕ
ਖਾਲਸਾ ਕਾਲਜ ਤੇ ਸਕੂਲ ’ਚ ਦੀਵਾਲੀ ਮਨਾਈ
ਸ਼ਾਹਕੋਟ: ਮਾਤਾ ਸਾਹਿਬ ਕੌਰ ਖਾਲਸਾ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ’ਚ ਦੀਵਾਲੀ ਮਨਾਈ ਗਈ। ਕਾਰਜਕਾਰੀ ਪ੍ਰਿੰਸੀਪਲ ਪ੍ਰਵੀਨ ਕੌਰ ਤੇ ਸਕੂਲ ਦੀ ਪ੍ਰਿੰਸੀਪਲ ਰੇਖਾ ਰਾਣੀ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਵੱਲੋਂ ਬਣਾਈ ਰੰਗੋਲੀ ਦੇ ਕਰਵਾਏ ਮੁਕਾਬਲਿਆਂ ਦੀ ਜੱਜਮੈਂਟ ਕਰਦਿਆ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਅਤੇ ਜਨਰਲ ਸਕੱਤਰ ਡਾ ਨਗਿੰਦਰ ਸਿੰਘ ਬਾਂਸਲ ਨੇ ਸਮੂੰਹ ਸਟਾਫ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। -ਪੱਤਰ ਪ੍ਰੇਰਕ
ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਚੇਤਨਪੁਰਾ: ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਵਾਂ ਮਹਾਨ ਗੁਰਮਤਿ ਸਮਾਗਮ 26 ਅਕਤੂਬਰ ਨੂੰ ਪਿੰਡ ਲਸ਼ਕਰੀ ਨੰਗਲ (ਅੰਮ੍ਰਿਤਸਰ) ਵਿੱਚ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ ਵਾਲਿਆਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ ਤੇ 26 ਅਕਤੂਬਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸੱਜਣਗੇ ਜਿਸ ਵਿੱਚ ਹਜ਼ੂਰੀ ਰਾਗੀ ਭਾਈ ਸਿਮਰਜੀਤ ਸਿੰਘ (ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ), ਕਥਾ ਵਾਚਕ ਭਾਈ ਮਨਦੀਪ ਸਿੰਘ ਝੰਡੇਰ, ਇੰਨਟਨੈਸ਼ਨਲ ਢਾਡੀ ਜੱਥਾ ਭਾਈ ਗੁਰਭੇਜ ਸਿੰਘ ਚਵਿੰਡਾ, ਕਵੀਸ਼ਰੀ ਜੱਥਾ ਭਾਈ ਨਿਰਵੈਰ ਸਿੰਘ ਸੇਖਵਾਂ ਅਤੇ ਕਵੀਸ਼ਰੀ ਜੱਥਾ ਭਾਈ ਜੋਗਾ ਸਿੰਘ ਮਾਹਰ ਰੱਬੀ ਬਾਣੀ ਦੇ ਇਲਾਹੀ ਕੀਰਤਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। -ਪੱਤਰ ਪ੍ਰੇਰਕ
ਕੋਟਲੀ ਵੱਲੋਂ ਹਾਈਕਮਾਨ ਦਾ ਧੰਨਵਾਦ
ਜਲੰਧਰ: ਆਦਮਪੁਰ ਹਲਕੇ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਵਿੰਦਰ ਸਿੰਘ ਕੋਟਲੀ ਨੂੰ ਪਾਰਟੀ ਦੇ ਐਸ ਸੀ ਵਿਭਾਗ ਦੇ ਕੌਮੀ ਕੋਆਡੀਨੇਟਰ ਨਿਯੁਕਤ ਕਰਦਿਆਂ ਉੱਤਰਾਖੰਡ ਸੂਬੇ ਦਾ ਇੰਚਾਰਜ ਬਣਾਇਆ ਗਿਆ ਹੈ। ਕੋਟਲੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਕੱਤਰ ਜਨਰਲ ਕੇ ਸੀ ਵੇਣੂਗੋਪਾਲ ਤੇ ਐੱਸ ਸੀ ਵਿਭਾਗ ਦੇ ਕੌਮੀ ਇੰਚਾਰਜ ਕੇ ਰਾਜੂ ਤੇ ਕੌਮੀ ਚੇਅਰਮੈਨ ਰਾਜਿੰਦਰ ਗੌਤਮ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਭਾਸ਼ਣ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਸ੍ਰ. ਇਕਬਾਲ ਸਿੰਘ ਮੈਮੋਰੀਅਲ ਲੈਕਚਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਦਰਸ਼ਨ ਅਤੇ ਸ਼ਹਾਦਤ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪ੍ਰੋਫੈਸਰ ਡਾ. ਦਲਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਹਿਣ ਦੀ ਬਜਾਏ ਜਗਤ ਦੀ ਚਾਦਰ ਕਹਿ ਕੇ ਸੰਬੋਧਿਤ ਕੀਤਾ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਹਰਵਿੰਦਰ ਸਿੰਘ ਸੈਣੀ, ਵਿਭਾਗ ਦੇ ਮੁਖੀ ਡਾ. ਭਾਰਤਬੀਰ ਕੌਰ ਸੰਧੂ ਤੋਂ ਇਲਾਵਾ ਡਾ. ਮੁਹੱਬਤ ਸਿੰਘ, ਡਾ. ਸੰਦੀਪ ਕੌਰ, ਡਾ. ਅਮਰ ਸਿੰਘ, ਡਾ. ਅਮਰਜੀਤ ਸਿੰਘ ਡਾ. ਸੁਖਦੇਵ ਸਿੰਘ ਸੋਹਲ ਡਾ. ਵਿਸ਼ਾਲ ਭਾਰਦਵਾਜ ਹਾਜ਼ਰ ਸਨ। -ਪੱਤਰ ਪ੍ਰੇਰਕ
ਗੋਪਾਲਅਸ਼ਟਮੀ ਮਨਾਉਣ ਦਾ ਫ਼ੈਸਲਾ
ਪਠਾਨਕੋਟ: ਗੋਪਾਲ ਗਊਧਾਮ ਗਊਸ਼ਾਲਾ ਦੀ ਗਊ ਸੇਵਾ ਸਮਿਤੀ ਵੱਲੋਂ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਗੋਪਾਲਅਸ਼ਟਮੀ ਧੂਮ-ਧਾਮ ਨਾਲ ਮਨਾਉਣ ਲਈ 27 ਅਕਤੂਬਰ ਨੂੰ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਵਿਜੈ ਪਾਸੀ ਤੇ ਬੁਲਾਰੇ ਮਨਮੋਹਨ ਕਾਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਨੂੰ ਸਮਾਜ ਸੇਵੀ ਸ੍ਰੀਜਲ ਗੁਪਤਾ ਅਤੇ ਸ਼ਿਆਮ ਮਹਾਜਨ ਸਵੇਰੇ 11 ਵਜੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਅਗਲੇ ਦਿਨ ਸਵੇਰੇ 8:30 ਵਜੇ ਗਊਸ਼ਾਲਾ ਵਿੱਚ ਇੱਕ ਕਾਰ ਸੇਵਾ ਹੋਵੇਗੀ, ਜਿਸ ਵਿੱਚ ਹਿੰਦੂ ਕੋਆਪਰੋਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਅਤੇ ਡਾ. ਕੇਡੀ ਸਿੰਘ ਮੁੱਖ ਮਹਿਮਾਨ ਹੋਣਗੇ। 30 ਅਕਤੂਬਰ ਨੂੰ ਸਵੇਰੇ 4:00 ਵਜੇ ਇੱਕ ਪ੍ਰਭਾਤ ਫੇਰੀ ਕੱਢੀ ਜਾਵੇਗੀ ਅਤੇ ਬਾਅਦ ਵਿੱਚ ਸਵੇਰੇ 9:30 ਵਜੇ ਹਵਨ-ਯੱਗ ਹੋਵੇਗਾ। ਇਸ ਦੌਰਾਨ ਸਵੇਰ ਤੋਂ ਸ਼ਾਮ ਤੱਕ ਸਮੂਹਿਕ ਗਊ ਪੂਜਾ ਅਤੇ ਪਰਿਕਰਮਾ ਹੋਵੇਗੀ। ਗਊ ਪੂਜਾ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਸਵੇਰੇ 11:30 ਵਜੇ ਪਹੁੰਚਣਗੇ। -ਪੱਤਰ ਪ੍ਰੇਰਕ
ਖੂਨਦਾਨ ਕੈਂਪ ਲਾਇਆ
ਫਗਵਾੜਾ: ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਵਲੋਂ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਵਿਸ਼ਵਕਰਮਾ ਮੇਲੇ ਦੌਰਾਨ ਬੰਗਾ ਰੋਡ ਵਿਖੇ 13ਵਾਂ ਸਲਾਨਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਯੁਵਕ ਸੇਵਾਵਾਂ ਪੰਜਾਬ, ਮੇਰਾ ਯੁਵਾ ਭਾਰਤ ਕਪੂਰਥਲਾ ਤੇ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ 89 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਖਾਲਸਾ, ਭਾਜਪਾ ਆਗੂ ਪੰਕਜ ਚਾਵਲਾ, ਰਾਜੀਵ ਪਾਹਵਾ ਤੇ ਕੌਂਸਲਰ ਵੀਰਾ ਰਾਮ ਬਲਜੋਤ ਨੇ ਵੀ ਖੂਨਦਾਨ ਨੂੰ ਮਾਨਵਤਾ ਦੀ ਸਰਬੋਤਮ ਸੇਵਾ ਕਰਾਰ ਦਿੱਤਾ। -ਪੱਤਰ ਪ੍ਰੇਰਕ