ਭਖ਼ਦੇ ਮੁੱਦਿਆਂ ’ਤੇ ਚਰਚਾ
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜੇ ਮੌਕੇ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਅਜੋਕੇ ਸਮੇਂ ਦੇ ਭਖ਼ਦੇ ਮੁੱਦਿਆਂ ’ਤੇ ਚਰਚਾ ਕੀਤੀ। ਆਗੂਆਂ ਨੇ ਪਹਿਲੀ ਨਵੰਬਰ ਨੂੰ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਗਦਰੀ ਬਾਬਿਆਂ ਦੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਸਹਿਯੋਗ ਦੇਣ ਅਤੇ ਹੁਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ। ਸਮਾਗਮ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਪੱਤਰਕਾਰ ਜਗਤ ਦੀ ਸ਼ਖਸੀਅਤ ਸਤਨਾਮ ਸਿੰਘ ਮਾਣਕ, ਡਾ. ਪਰਮਿੰਦਰ ਸਿੰਘ, ਚਿਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ, ਲਾਇਬਰੇਰੀ ਦੀ ਇੱਕ ਵਿਦਿਆਰਥਣ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਵਿਚਾਰ ਰੱਖੇ। ਬੁਲਾਰਿਆਂ ਨੇ ਸੋਨਮ ਵਾਂਗ ਚੁੱਕ ਦੀ ਗ੍ਰਿਫ਼ਤਾਰੀ ਦੀ ਜ਼ੋਰਦਾਰ ਨਿੰਦਾ ਕੀਤੀ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁਨਾਂ ਦੇ ਘਰਾਂ ’ਤੇ ਛਾਪੇ ਮਾਰਨ ਦੀ ਵੀ ਨਿੰਦਾ ਕੀਤੀ। -ਪੱਤਰ ਪ੍ਰੇਰਕ
ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕੇਸ ਦਰਜ
ਕਪੂਰਥਲਾ: ਨਾਜਾਇਜ਼ ਮਾਈਨਿੰਗ ਮਾਮਲੇ ਸਬੰਧੀ ਢਿੱਲਵਾਂ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਮਾਈਨਿੰਗ ਐਕਟ ਅਤੇ ਬੀਐੱਨਐੱਸ ਦੀਆਂ ਵੱਖ-ਵੱਖ ਤਹਿਤ ਕੇਸ ਦਰਜ ਕੀਤਾ ਹੈ। ਮਾਈਨਿੰਗ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਉਨ੍ਹਾਂ ਜਲੰਧਰ- ਅੰਮ੍ਰਿਤਸਰ ਹਾਈਵੇਅ ਹੇਠ ਲੰਘਦੇ ਬਿਆਸ ਦਰਿਆ ਦਾ ਮੌਕਾ ਦੇਖਿਆ ਤੇ ਚੈਕਿੰਗ ਦੌਰਾਨ ਨਵੇਂ ਰੇਲਵੇ ਪੁਲ ਤੋਂ ਕੁੱਝ ਦੂਰੀ ’ਤੇ ਜੇਸੀਬੀ ਵਲੋਂ ਪੁਟਾਈ ਕੀਤੀ ਜਾ ਰਹੀ ਸੀ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਬੱਗਾ ਵਾਸੀ ਮੰਡੇਰ ਬੇਟ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
ਨਸ਼ੀਲੇ ਪਦਾਰਥਾਂ ਸਣੇ ਤਿੰਨ ਕਾਬੂ
ਕਪੂਰਥਲਾ: ਸੁਭਾਨਪੁਰ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਉਰਫ਼ ਪਾਡਾ ਵਾਸੀ ਪਿੰਡ ਬੂਟ ਵਜੋਂ ਹੋਈ ਹੈ। ਇਸੇ ਤਰ੍ਹਾਂ ਕੋਤਵਾਲੀ ਪੁਲੀਸ ਨੇ ਕੁਲਦੀਪ ਸਿੰਘ ਵਾਸੀ ਨਵਾਂ ਪਿੰਡ ਭੱਠੇ ਨੂੰ ਕਾਬੂ ਕਰਕੇ ਉਸ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਫੱਤੂਢੀਂਸਾ ਪੁਲੀਸ ਨੇ ਗੋਬਿੰਦਾ ਉਰਫ਼ ਲੂਸੀ ਵਾਸੀ ਖਾਨਪੁਰ ਕੋਲੋਂ 62 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ