ਧੁੱਸੀ ਬੰਨ੍ਹ ’ਚ ਪਾੜ; ਅੱਧੀ ਦਰਜ਼ਨ ਪਿੰਡਾਂ ’ਚ ਪਾਣੀ ਵੜਿਆ
ਦੱਸਣਯੋਗ ਹੈ ਕਿ ਅੱਜ ਦੁਪਿਹਰੇ 2 ਵਜੇ ਪੌਂਗ ਡੈਮ ਵਿੱਚ ਪਿੱਛੇ ਤੋਂ ਪਾਣੀ ਦੀ ਆਮਦ 112519 ਕਿਊਸਿਕ ਸੀ, ਪਰ ਅੱਗੇ 34538 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਪਰ ਹਿਮਾਚਲ ਦੇ ਪਹਾੜੀ ਖੇਤਰ ਅਤੇ ਪਠਾਨਕੋਟ ਵਿੱਚ ਹੋਈ ਬਾਰਿਸ਼ ਦਾ ਕਾਫੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਬਿਆਸ ਦਰਿਆ ਕਿਨਾਰੇ ਵੱਸੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਮੋਤਲਾ, ਸਨਿਆਲਾਂ, ਮਹਿਤਾਬਪੁਰ, ਮਿਆਣੀ ਮਲਾਹ, ਹੁਸ਼ਿਆਰਪੁਰ ਕਲੋਤਾ, ਨੁਸ਼ਿਹਰਾ ਪੱਤਣ, ਛਾਂਟਾ, ਧਨੋਆ, ਟੇਰਕਿਆਣਾ ਸਮੇਤ ਕਰੀਬ 3 ਦਰਜ਼ਨ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਖੜ੍ਹਾ ਹੋ ਗਿਆ ਹੈ।
ਸਨਿਆਲ ਦੇ ਸਾਬਕਾ ਸਰਪੰਚ ਅਤੇ ਸਮਾਜ ਸੇਵਕ ਕਿਸ਼ਨਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਧੁੱਸੀ ਬੰਨ੍ਹ ਵਿੱਚ ਪਿੰਡ ਸਨਿਆਲ ਅਤੇ ਕੋਲੀਆਂ ਤੋਂ ਮਹਿਤਾਬਪੁਰ ਵਿਚਕਾਰ ਦੋ ਜਗ੍ਹਾ ਤੋਂ ਪਾੜ ਪੈਣ ਕਰਕੇ ਪਾਣੀ ਪਿੰਡ ਸਨਿਆਲ, ਸੱਲੋਵਾਲ, ਹਲੇੜ ਜਨਾਰਦਨ, ਮੋਤਲਾ, ਕੋਲੀਆਂ 418, ਮਹਿਤਾਬ ਪੁਰ, ਮਿਆਣੀ ਮਲਾਹ ਵਿੱਚ ਪਾਣੀ ਆ ਗਿਆ ਹੈ। ਇਹ ਪਾੜ ਉਨ੍ਹਾਂ ਥਾਵਾਂ ’ਤੇ ਪਏ ਹਨ, ਜਿੱਥੇ ਸਾਲ 2023 ਦੌਰਾਨ ਪਾੜ ਪੈਣ ਕਾਰਨ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਸੀ। ਪਿਛਲੀ ਵਾਰ ਲੋਕਾਂ ਵਲੋਂ ਇਨ੍ਹਾਂ ਬੰਨ੍ਹਾਂ ਦੀ ਮੁਰੰਮਤ ਖੁਦ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਪਿੱਛੋਂ ਪ੍ਰਸਾਸ਼ਨ ਨੇ ਕੁਝ ਥਾਂਵੇ ਬੋਰੇ ਲਗਾਏ ਸਨ।
ਦੇਰ ਸ਼ਾਮ ਵੀਡੀਓ ਜਾਰੀ ਕਰਕੇ ਪਿੰਡ ਮਹਿਤਾਬਪੁਰ ਦੇ ਨੰਬਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਆਸ ਪਾਸ ਪਾਣੀ ਭਰ ਗਿਆ ਹੈ ਅਤੇ ਉਨ੍ਹਾਂ ਦਾ ਸੰਪਰਕ ਨੇੜਲੇ ਪਿੰਡਾਂ ਨਾਲੋਂ ਟੁੱਟ ਗਿਆ ਹੈ। ਪਿੰਡ ਟਾਪੂ ਬਣ ਗਿਆ ਹੈ, ਪਿੰਡ ਵਿੱਚ ਲਾਈਟ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਹਾਲਾਤ 2023 ਵਿੱਚ ਆਏ ਹੜ੍ਹਾਂ ਵਾਲੇ ਹੋ ਗਏ ਹਨ। ਉਨ੍ਹਾਂ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਾਸੀਆਂ ਦੀ ਸਾਰ ਲਈ ਜਾਵੇ। ਪਿੰਡ ਵਾਸੀਆਂ ਰੋਸ ਪ੍ਰਗਟਾਇਆ ਕਿ ਪ੍ਰਸਾਸ਼ਨ ਰੋਜ਼ ਹੜ੍ਹ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਾ ਹੈ, ਪਰ ਪਿੰਡ ਵਿੱਚ ਪਾਣੀ ਆ ਜਾਣ ਦੇ ਬਾਵਜੂਦ ਆਪਣਾ ਸਮਾਨ ਸਾਂਭਣ ਲਈ ਪ੍ਰਭਾਵਿਤ ਲੋਕਾਂ ਨੂੰ ਕਿਸ਼ਤੀ ਤੱਕ ਨਹੀਂ ਜੁੜੀ।
ਕੋਈ ਪਾੜ ਨਹੀਂ ਪਿਆ: ਤਹਿਸੀਲਦਾਰ
ਤਹਿਸੀਲਦਾਰ ਮੁਕੇਰੀਆਂ ਲਖਵਿੰਦਰ ਸਿੰਘ ਨੇ ਕਿਹਾ ਕਿ ਧੁੱਸੀ ਬੰਨ੍ਹ ਵਿੱਚ ਕੋਈ ਪਾੜ ਨਹੀਂ ਪਿਆ ਹੈ ਅਤੇ ਉਹ ਹੁਸ਼ਿਆਰਪੁਰ ਤੋਂ ਆਉਣ ਵਾਲੀਆਂ ਦੋ ਕਿਸ਼ਤੀਆਂ ਉਡੀਕ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਆਖਿਆ ਗਿਆ ਹੈ ਅਤੇ ਪਿੰਡਾਂ ਦੇ ਸਰਪੰਚਾਂ ਤੇ ਸੈਕਟਰ ਇੰਚਾਰਜਾਂ ਵਲੋਂ ਵੀ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਖੁਦ ਵੀ ਸਬੰਧਿਤ ਥਾਵਾਂ ‘ਤੇ ਜਾ ਰਹੇ ਹਨ ਅਤੇ ਹੜ੍ਹ ਪ੍ਰਬੰਧ ਸੁਚਾਰੂ ਬਣਾਏ ਜਾਣਗੇ।