ਧਰਮਿੰਦਰ ਨੇ ਜ਼ਿੰਦਗੀ ਦੇ ਅਹਿਮ ਪਲ ਫਗਵਾੜਾ ’ਚ ਵੀ ਬਿਤਾਏ
ਬੌਲੀਵੁੱਡ ਅਦਾਕਾਰ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅੱਜ ਇਸ ਸ਼ਹਿਰ ਦੇ ਲੋਕਾਂ ’ਚ ਵੀ ਮਾਤਮ ਛਾਇਆ ਰਿਹਾ ਕਿਉਂਕਿ ਧਰਮਿੰਦਰ ਦੀਆਂ ਯਾਦਾਂ ਇਸ ਸ਼ਹਿਰ ਨਾਲ ਵੀ ਜੁੜੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਕਈ ਮਿੱਤਰ ਇਸ ਸ਼ਹਿਰ ’ਚ ਵੱਸਦੇ ਹਨ। ਲੋਕਾਂ ਲਈ ਇਹ ਸਿਰਫ਼ ਬੌਲੀਵੁੱਡ ਦੇ ਕਲਾਕਾਰ ਦੀ ਮੌਤ ਨਹੀਂ, ਸਗੋਂ ਵੱਡਾ ਵਿਛੋੜਾ ਹੈ। ਧਰਮਿੰਦਰ ਦੇ ਪਿਤਾ ਮਾਸਟਰ ਕੇਵਲ ਕ੍ਰਿਸ਼ਨ ਚੌਧਰੀ ਨੇ ਇਥੋਂ ਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਆਰੀਆ ਸਕੂਲ ’ਚ ਮੈਟ੍ਰਿਕ ਪਾਸ ਕੀਤੀ ਤੇ ਇਸ ਮਗਰੋਂ 1952 ’ਚ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਹ ਮੁੰਬਈ ਚਲੇ ਗਏ ਪਰ ਉਨ੍ਹਾਂ ਦਾ ਮਨ ਹਮੇਸ਼ਾ ਇਸ ਸ਼ਹਿਰ ਨਾਲ ਹੀ ਜੁੜਿਆ ਰਿਹਾ। ਅਧਿਆਪਕ ਤੇ ਸਾਰੇ ਸਾਥੀ ਉਨ੍ਹਾਂ ਨੂੰ ਨਿਮਰ, ਸੱਚੇ ਤੇ ਸ਼ਾਂਤ ਸੁਭਾਅ ਵਾਲੇ ਵਿਦਿਆਰਥੀ ਵਜੋਂ ਯਾਦ ਕਰਦੇ ਹਨ। ਉਨ੍ਹਾਂ ਦਾ ਜਦੋਂ ਵੀ ਮੌਕਾ ਲੱਗਾ ਉਹ ਇਥੇ ਆਉਂਦੇ ਰਹਿੰਦੇ ਸਨ ਤੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਸਨ ਤੇ ਬਚਪਨ ਦੀਆਂ ਯਾਦਾ ਸਾਂਝੀਆਂ ਕਰਦੇ ਸਨ। ਧਰਮਿੰਦਰ ਨਾਲ ਜੁੜੀ ਇੱਕ ਯਾਦ ਅੱਜ ਵੀ ਲੋਕਾਂ ਦੇ ਹਿਰਦੇ ’ਚ ਵੱਸਦੀ ਹੈ। ਉਨ੍ਹਾਂ ਨੂੰ ਕਦੇ ਕੌਮੀ ਸੇਵਕ ਰਾਮ ਲੀਲਾ ਕਮੇਟੀ ਵਲੋਂ ਰਾਮ ਲੀਲਾ ’ਚ ਰੋਲ ਨਹੀਂ ਮਿਲਿਆ ਸੀ ਤੇ ਜਦੋਂ ਉਹ ਸੁਪਰ ਸਟਾਰ ਬਣ ਕੇ ਵਾਪਸ ਆਏ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਕਿਹਾ, ‘ਹੁਣ ਤਾਂ ਮੈਂ ਰਾਮ ਲੀਲਾ ’ਚ ਰੋਲ ਕਰ ਸਕਦਾ ਹਾਂ? ਇਸ ’ਤੇ ਸਾਰੇ ਜਣੇ ਹੱਸ ਪਏ।’ 2006 ’ਚ ਧਰਮਿੰਦਰ ਦਾ ਫਗਵਾੜਾ ਨਾਲ ਨਾਤਾ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕੀਤਾ, ਇਹ ਉਹੀ ਜਗ੍ਹਾ ਸੀ ਜਿਥੇ ਪਹਿਲਾਂ ਪੈਰਾਡਾਈਜ਼ ਥੀਏਟਰ ਹੁੰਦਾ ਸੀ ਤੇ ਇਸ ਥੀਏਟਰ ’ਚ ਉਹ ਜਵਾਨੀ ’ਚ ਫ਼ਿਲਮਾਂ ਦੇਖਿਆ ਕਰਦੇ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਅਦਾਕਾਰ ਬਣਨ ਦਾ ਸੁਪਨਾ ਜਗਾਇਆ ਸੀ। ਉਨ੍ਹਾਂ ਦਾ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਐਡਵੋਕੇਟ ਐਸ.ਐਨ. ਚੋਪੜਾ ਨਾਲ ਗਹਿਰਾ ਪਿਆਰ ਸੀ। ਆਰੀਆ ਸਕੂਲ ਦੇ ਪੁਰਾਣੇ ਅਧਿਆਪਕ ਮਾਸਟਰ ਕੇਵਲ ਕ੍ਰਿਸ਼ਨ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।
