ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਾਲੀਵਾਲ ਵੱਲੋਂ ਮੰਡੀ ’ਚੋਂ ਦੋ ਦਿਨਾਂ ਵਿੱਚ ਕਣਕ ਚੁਕਾਉਣ ਦੀ ਹਦਾਇਤ

ਟੈਂਡਰ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਟੈਂਡਰਧਾਰਕਾਂ ਨੂੰ ਬਲੈਕਲਿਸਟ ਕਰਨ ਲਈ ਆਖਿਆ
ਭਗਤਾਂ ਵਾਲਾ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਜਾਇਜ਼ਾ ਲੈਂਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ।
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 27 ਅਪਰੈਲ

Advertisement

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਦੀ ਵੱਡੀ ਦਾਣਾ ਮੰਡੀ ਭਗਤਾਂ ਵਾਲਾ ਅਤੇ ਰਾਜਾਸਾਂਸੀ ਵਿੱਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਫ਼ਸਲ ਦੀ ਲਿਫਟਿੰਗ ਵਿੱਚ ਹੋ ਰਹੀ ਢਿੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੋ ਦਿਨਾਂ ਵਿੱਚ ਲਿਫਟਿੰਗ ਯਕੀਨੀ ਬਣਾਉਣ। ਭਗਤਾਂ ਵਾਲਾ ਦਾਣਾ ਮੰਡੀ ਵਿੱਚ ਸਰਕਾਰੀ ਖਰੀਦ ਦੇ ਮੁਕਾਬਲੇ ਪ੍ਰਾਈਵੇਟ ਖਰੀਦ ਲਗਾਤਾਰ ਵਧ ਰਹੀ ਹੈ, ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਪ੍ਰਾਈਵੇਟ ਏਜੰਸੀਆਂ ਦੇ ਨਾਲ ਨਾਲ ਸਰਕਾਰੀ ਖਰੀਦ ਵੀ ਕੀਤੀ ਜਾਵੇ, ਉਹ ਤਾਂ ਹੀ ਸੰਭਵ ਹੈ ਜੇਕਰ ਲਿਫਟਿੰਗ ਨਾਲੋ-ਨਾਲ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਟੈਂਡਰ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ ਟੈਂਡਰ ਧਾਰਕਾਂ ਨੂੰ ਬਲੈਕਲਿਸਟ ਕਰਨ ਦੀ ਹਦਾਇਤ ਵੀ ਕੀਤੀ। ਭਗਤਾਂ ਵਾਲਾ ਦਾਣਾ ਮੰਡੀ ਵਿੱਚ ਖੁੱਲ੍ਹੇ ਵਿੱਚ ਪਈ ਕਣਕ ਦਾ ਨੋਟਿਸ ਲੈਂਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੀਜਨ ਤੋਂ ਬਾਅਦ ਮੰਡੀ ਵਿੱਚ ਦੋ ਵੱਡੇ ਸ਼ੈੱਡ ਬਣਾਏ ਜਾਣਗੇ ਤਾਂ ਜੋ ਫਸਲ ਮੀਂਹ ਵਿੱਚ ਖਰਾਬ ਨਾ ਹੋਵੇ। ਉਨ੍ਹਾਂ ਰਾਜਾਸਾਂਸੀ ਦਾਣਾ ਮੰਡੀ ਦਾ ਵੀ ਜਾਇਜ਼ਾ ਲਿਆ ਅਤੇ ਚੱਲ ਰਹੀ ਖਰੀਦ ਉੱਤੇ ਤਸੱਲੀ ਪ੍ਰਗਟਾਉਂਦਿਆਂ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਜ਼ਿਲ੍ਹਾ ਖੁਰਾਕ ਅਧਿਕਾਰੀ ਅਮਨਜੀਤ ਸਿੰਘ ਸੰਧੂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।

ਕਟਾਰੂਚੱਕ ਨੇ ਕਪੂਰਥਲਾ ਮੰਡੀ ’ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਕਪੂਰਥਲਾ (ਜਸਬੀਰ ਸਿੰਘ ਚਾਨਾ): ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਦੀ ਮਿਹਨਤ ਨਾਲ ਕਣਕ ਦਾ ਬੰਪਰ ਉਤਪਾਦਨ ਹੋਇਆ ਹੈ, ਜਿਸ ਨਾਲ ਸਰਕਾਰੀ ਖਰੀਦ ਦਾ 124 ਲੱਖ ਮੀਟਰਕ ਟਨ ਦਾ ਟੀਚਾ ਆਸਾਨੀ ਨਾਲ ਪੂਰਾ ਕਰ ਲਿਆ ਜਾਵੇਗਾ। ਕਪੂਰਥਲਾ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੈਸ਼ ਕਰੈਡਿਟ ਲਿਮਟ, ਮੰਡੀਆਂ, ਬਾਰਦਾਨੇ ਤੇ ਲਿਫਟਿੰਗ ਦੇ ਪੁਖਤਾ ਪ੍ਰਬੰਧਾਂ ਦੇ ਨਤੀਜੇ ਵਜੋਂ ਕਣਕ ਦੀ ਖਰੀਦ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 90 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ’ਚ ਆਮਦ ਹੋਈ ਹੈ, ਜਿਸ ’ਚੋਂ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਪਨਸਪ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਮਾਰਕਫੈੱਡ ਤੇ ਪਨਗਰੇਨ ਵੱਲੋਂ 82 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਗਈ ਹੈ ਤੇ ਕਿਸਾਨਾਂ ਨੂੰ ਖਰੀਦੀ ਗਈ ਕਣਕ ਬਦਲੇ 24 ਘੰਟੇ ਦੇ ਅੰਦਰ-ਅੰਦਰ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 5 ਲੱਖ ਕਿਸਾਨ ਮੰਡੀਆਂ ’ਚ ਕਣਕ ਲੈ ਕੇ ਪੁੱਜਾ ਹੈ, ਜਿਸਨੂੰ 15 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਹੋਈ ਹੈ।

Advertisement