ਹਿਮਾਚਲ ਰੋਡਵੇਜ਼ ਦੀ ਵਰਕਸ਼ਾਪ ਵਿੱਚ ਪੁਰਾਣੇ ਟਾਇਰਾਂ ਵਿੱਚੋਂ ਮਿਲਿਆ ਡੇਂਗੂ ਦਾ ਲਾਰਵਾ
ਪੱਤਰ ਪ੍ਰੇਰਕਪਠਾਨਕੋਟ, 11 ਜੁਲਾਈ
ਸਿਵਲ ਹਸਪਤਾਲ ਪਠਾਨਕੋਟ ਵੱਲੋਂ ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਡੇਂਗੂ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਕਈ ਸਥਾਨਾਂ ਤੇ ਡੇਂਗੂ ਮੱਛਰ ਦਾ ਲਾਰਵਾ ਮਿਲਿਆ। ਜਿਸ ਕਾਰਨ ਵਿਭਾਗ ਦੀ ਚਿੰਤਾ ਅਤੇ ਚੌਕਸੀ ਦੋਨੋਂ ਵਧ ਗਈਆਂ ਹਨ।
ਟੀਮ ਮੈਂਬਰਾਂ ਨੇ ਦੱਸਿਆ ਕਿ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਅਤੇ ਐਪੀਡੈਮਿਯੋਲਾਜਿਸਟ ਡਾ. ਸਾਕਸ਼ੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸਰਕਾਰੀ/ਪ੍ਰਾਈਵੇਟ ਦਫਤਰਾਂ ਤੇ ਰੋਡਵੇਜ਼ ਵਰਕਸ਼ਾਪ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਟੀ ਰੇਲਵੇ ਸਟੇਸ਼ਨ ਸਥਿਤ ਹਿਮਾਚਲ ਰੋਡਵੇਜ਼ ਦੀ ਵਰਕਸ਼ਾਪ ਵਿੱਚ ਪਏ ਪੁਰਾਣੇ ਕੰਡਮ ਟਾਇਰਾਂ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਭਾਰੀ ਮਾਤਰਾ ਵਿੱਚ ਲਾਰਵਾ ਪਾਇਆ ਗਿਆ। ਜਿਸ ਦੇ ਚਲਦੇ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਦੁਬਾਰਾ ਤੋਂ ਲਾਰਵਾ ਮਿਲਿਆ ਤਾਂ ਸਿਹਤ ਵਿਭਾਗ ਵੱਲੋ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੁਸ਼ਿਆਰਪੁਰ ’ਚ 934 ਘਰਾਂ ’ਚੋਂ ਮੱਛਰ ਦਾ ਲਾਰਵਾ ਬਰਾਮਦ
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੁਹਿੰਮ ਤਹਿਤ ਅੱਜ ਨਿੱਜੀ ਅਤੇ ਸਰਕਾਰੀ ਦਫ਼ਤਰਾਂ ਅਤੇ ਰੋਡਵੇਜ਼ ਵਰਕਸ਼ਾਪਾਂ ਅਤੇ ਘਰਾਂ, ਦੁਕਾਨਾਂ ਆਦਿ ਵਿੱਚ ਵੱਖ-ਵੱਖ ਕਿਸਮਾਂ ਦੇ ਕੰਟੇਨਰਾਂ ਆਦਿ ਵਿੱਚ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੂਲਰਾਂ ਨੂੰ ਖਾਲੀ ਕਰਨ ਬਾਰੇ ਜਾਗਰੂਕ ਕੀਤਾ ਗਿਆ ਹੈ। ਡਾ. ਜਗਦੀਪ ਨੇ ਕਿਹਾ ਕਿ ਡੇਂਗੂ ਨਾਲ ਲੜਾਈ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਜਿੰਮੇਵਾਰੀ ਨਹੀਂ ਹੈ, ਇਹ ਹਰ ਨਾਗਰਿਕ ਦੀ ਜਿੰਮੇਵਾਰੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਹੁਸ਼ਿਆਰਪੁਰ ਸ਼ਹਿਰ ਵਿੱਚ 30308 ਘਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 934 ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਿਆ ਹੈ ਜੋ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।