ਦੂਰ-ਦੁਰੇਡੇ ਬਦਲੀਆਂ ਕਰਨ ’ਤੇ ਪ੍ਰਦਰਸ਼ਨ
ਇੱਥੋਂ ਦੇ ਲਦਪਾਲਵਾਂ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਹਰਲੇ ਸੂਬਿਆਂ ਵਿੱਚ ਕਰਨ ਖਿਲਾਫ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਟੌਲ ਪਲਾਜ਼ਾ ਉਪਰ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਨੂੰ ਉਸ ਵੇਲੇ ਹੋਰ ਬਲ ਮਿਲ ਗਿਆ ਜਦ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਆਗੂ ਵੀ ਸਮਰਥਨ ਵਿੱਚ ਆ ਗਏ ਅਤੇ ਨਾਲ ਧਰਨੇ ਵਿੱਚ ਬੈਠ ਗਏ। ਇਸ ਦੌਰਾਨ ਟੌਲ ਪਲਾਜ਼ਾ ਦੀਆਂ ਤਿੰਨ ਲੇਨਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਵਿੱਚ ਵਿਘਨ ਪਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਟੌਲ ਪਲਾਜ਼ਾ ਕੰਪਨੀ ਪੰਜਾਬ ਦੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਆਵਾਜਾਈ ਵਿੱਚ ਵਿਘਨ ਪੈ ਜਾਣ ਦੀ ਸੂਚਨਾ ਮਿਲਣ ’ਤੇ ਵਧੀਕ ਡੀਸੀ ਅਰਸ਼ਦੀਪ ਸਿੰਘ, ਐਸਡੀਐਮ ਰਾਕੇਸ਼ ਕੁਮਾਰ, ਡੀਐਸਪੀ ਸੁਖਜਿੰਦਰ ਸਿੰਘ ਥਾਪਰ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਕੰਪਨੀ ਦੇ ਮਾਲਕਾਂ ਨਾਲ ਫੋਨ ਉਪਰ ਲੰਬਾ ਸਮਾਂ ਗੱਲਬਾਤ ਕੀਤੀ ਤੇ ਅਖੀਰ ਉਨ੍ਹਾਂ ਕਰਨਾਟਕ ਵਰਗੇ ਦੂਰ-ਦੁਰਾਡੇ ਰਾਜਾਂ ਵਿੱਚ ਬਦਲੀ ਕੀਤੇ ਗਏ ਮੁਲਾਜ਼ਮਾਂ ਦੇ ਹੁਕਮ ਰੱਦ ਕਰਵਾ ਦਿੱਤੇ ਅਤੇ ਇੱਕ ਹੋਰ ਲਿਸਟ ਨੂੰ ਹੋਲਡ ਕਰ ਦਿੱਤਾ। ਸਵੇਰੇ 11 ਵਜੇ ਦਾ ਸ਼ੁਰੂ ਹੋਇਆ ਧਰਨਾ ਸ਼ਾਮ 3 ਵਜੇ ਸਮਾਪਤ ਹੋਇਆ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਤਨਖਾਹ ਵਿੱਚ ਵਾਧੇ ਤੋਂ ਬਿਨਾਂ ਦੂਰ-ਦੁਰਾਡੇ ਰਾਜਾਂ ਵਿੱਚ ਭੇਜਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਰੋਧ ਪ੍ਰਦਰਸ਼ਨ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ।