ਅੰਮ੍ਰਿਤਸਰ ਵਿੱਚ ਕੇਂਦਰੀ ਸੈਰ ਸਪਾਟਾ ਦਫ਼ਤਰ ਸਥਾਪਤ ਕਰਨ ਦੀ ਮੰਗ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ , 10 ਜੁਲਾਈ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਖੇਤਰੀ ਟੂਰਿਜ਼ਮ ਕੇਂਦਰ ਸਥਾਪਿਤ ਕੀਤਾ ਜਾਵੇ। ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਵੀ ਹਨ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਸ਼ਖ਼ਸੀਅਤ ਹਨ। ਉਨ੍ਹਾਂ ਕੇਂਦਰੀ ਸੈਰ ਸਪਾਟਾ ਮੰਤਰੀ ਸ਼ੇਖਾਵਤ ਨੂੰ ਇਸ ਸੰਬੰਧ ਵਿੱਚ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਅੰਤਰਰਾਸ਼ਟਰੀ ਅਹਿਮੀਅਤ ਰੱਖਦਾ ਹੈ। ਸ੍ਰੀ ਹਰਿਮੰਦਰ ਸਾਹਿਬ ਭਾਰਤ ਅਤੇ ਦੇਸ਼ ਵਿਦੇਸ਼ ਦੇ ਸੈਲਾਨੀਆਂ ਲਈ ਆਕਰਸ਼ਣ ਦਾ ਇਕ ਵੱਡਾ ਕੇਂਦਰ ਹੈ।
ਇਥੇ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਹੈ, ਜਿੱਥੇ ਦੇਸ਼ ਅਤੇ ਵਿਦੇਸ਼ ਦੋਵਾਂ ਦੇ ਸੈਲਾਨੀਆਂ ਦੀ ਭੀੜ ਬਣੀ ਰਹਿੰਦੀ ਹੈ। ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਵਸਦੇ ਪ੍ਰਵਾਸੀਆਂ ਦੀ ਗਿਣਤੀ ਲਗਭਗ 35 ਲੱਖ ਤੋਂ ਵੱਧ ਹੈ, ਜੋ ਹਮੇਸ਼ਾ ਹੀ ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਵਾਸਤੇ ਸਿੱਧੀਆਂ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ। ਇਥੇ ਅਟਾਰੀ ਸਰਹੱਦ ਵੀ ਹੈ, ਜਿੱਥੇ ਝੰਡਾ ਉਤਾਰਨ ਦੀ ਰਸਮ ਨੂੰ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਸੈਲਾਨੀਆਂ ਦਾ ਕੇਂਦਰ ਬਣ ਚੁੱਕੇ ਅੰਮ੍ਰਿਤਸਰ ਵਿੱਚ ਸਰਕਾਰ ਨੇ ਆਲੇ ਦੁਆਲੇ ਹੋਰ ਵੀ ਕਈ ਆਰਾਮਦਾਇਕ ਅਤੇ ਦੇਖਣ ਯੋਗ ਢਾਂਚੇ ਬਣਾਏ ਹਨ ਜਿਨ੍ਹਾਂ ਵਿੱਚ ਰਾਮ ਤੀਰਥ ਵੀ ਇੱਕ ਇਤਿਹਾਸਿਕ ਅਸਥਾਨ ਹੈ, ਜਿੱਥੇ ਲਵ ਅਤੇ ਕੁਛ ਨੇ ਆਪਣੀ ਜ਼ਿੰਦਗੀ ਦਾ ਸਮਾਂ ਬਿਤਾਇਆ ਸੀ। ਸਿੱਖ ਇਤਿਹਾਸ ਨਾਲ ਸਬੰਧਤ ਇੱਕ ਪੈਨੋਰਮਾ, ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲੋਕਾਂ ਨੂੰ ਸਮਰਪਿਤ ਕੀਤਾ ਸੀ, ਵੀ ਇਥੇ ਸਥਾਪਿਤ ਹੈ।