ਵੱਧ ਤੋਲਣ ਵਾਲੇ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ
ਬੀ ਕੇ ਯੂ (ਰਾਜੇਵਾਲ) ਦੇ ਵਾਈਸ ਪ੍ਰਧਾਨ ਮੁਕੇਸ਼ ਚੰਦਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ, ਨੌਜਵਾਨ ਕਿਸਾਨ ਮਜ਼ਦੂਰ ਕਮੇਟੀ ਸ਼ਹੀਦਾਂ ਦੇ ਪ੍ਰਧਾਨ ਗੁਰਦੀਪ ਸਿੰਘ ਚੱਕ ਝੱਡੂ ਨੇ ਮਾਰਕੀਟ ਕਮੇਟੀ ਭੋਗਪੁਰ ਦੇ ਚੇਅਰਮੈਨ ਬਰਕਤ ਰਾਮ ਅਤੇ ਸਕੱਤਰ ਕਮਲਜੀਤ ਸਿੰਘ ਨਾਲ ਮੀਟਿੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਆੜ੍ਹਤੀਆਂ ਦੇ ਲਾਇਸੈਂਸ ਰੱਦ ਕੀਤੇ ਜਾਣ ਜਿਨ੍ਹਾਂ ਦੇ ਫੜ੍ਹ ’ਚ ਕੁਝ ਦਿਨ ਪਹਿਲਾਂ ਪਨਗਰੇਨ ਦੇ ਚੇਅਰਮੈਨ ਵੱਲੋਂ ਦਾਣਾ ਮੰਡੀ ਭੋਗਪੁਰ ਵਿੱਚ ਝੋਨੇ ਦੀ ਤੁਲਾਈ ਵਿੱਚ ਕੀਤੀ ਜਾਂਦੀ ਲੁੱਟ-ਖਸੁੱਟ ਦਾ ਪਰਦਾਫਾਸ਼ ਕੀਤਾ ਸੀ। ਇਸ ਵਿੱਚ ਪ੍ਰਤੀ ਬੋਰੀ ਕਿਲੋ ਤੋਂ ਢਾਈ ਕਿਲੋ ਤੱਕ ਵੱਧ ਝੋਨਾ ਤੋਲਿਆ ਮਿਲਿਆ ਸੀ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਵੱਧ ਤੋਲੇ ਝੋਨੇ ਦੇ ਹਿਸਾਬ ਨਾਲ ਕਿਸਾਨਾਂ ਨੂੰ ਪੈਸੇ ਦਿਵਾਏ ਜਾਣ। ਇਸ ਤੋਂ ਇਲਾਵਾ ਦਾਣਾ ਮੰਡੀ ਦੀ ਦੱਖਣ ਦਿਸ਼ਾ ਵੱਲ ਮੰਡੀ ਵਿੱਚ ਬਿਨਾਂ ਇਜਾਜ਼ਤ ਦੇ ਦੂਜੇ ਸੂਬਿਆਂ ਵਿੱਚੋਂ ਆ ਕੇ 200 ਦੇ ਕਰੀਬ ਪਰਵਾਸੀਆਂ ਨੇ 15 ਦੇ ਕਰੀਬ ਟਰੈਕਟਰਾਂ ਨਾਲ ਫਰਾਟੇ ਲਾਏ ਹੋਏ ਹਨ। ਉਹ ਇਸ ਮੰਡੀ ਅਤੇ ਬਾਹਰਲੀਆਂ ਮੰਡੀਆਂ ਵਿੱਚੋਂ ਝੋਨੇ ਦੇ ਫੋਕ ਕਿਸਾਨਾਂ ਤੋਂ ਸਸਤੇ ਭਾਅ ਖ਼ਰੀਦ ਕੇ ਉਸ ਵਿੱਚੋਂ ਝੋਨਾ ਕੱਢਦੇ ਹਨ। ਇਸ ਕਾਰਨ ਨੇੜਲੇ ਘਰਾਂ ਨੂੰ ਘੱਟਾ ਉੱਡਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪਖਾਨੇ ਨਾ ਹੋਣ ਕਰ ਕੇ ਪਰਵਾਸੀ ਘਰਾਂ ਦੇ ਨਜ਼ਦੀਕ ਖੁੱਲ੍ਹੇ ਵਿੱਚ ਗੰਦਗੀ ਫੈਲਾਅ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਦਾਣਾ ਮੰਡੀ ਭੋਗਪੁਰ ਦਾ ਸੁਧਾਰ ਨਾ ਕੀਤਾ ਤਾਂ ਕੌਮੀ ਮਾਰਗ ’ਤੇ ਧਰਨਾ ਦੇ ਕੇ ਸੰਘਰਸ਼ ਵਿੱਢਿਆ ਜਾਵੇਗਾ।
ਮਾਰਕੀਟ ਕਮੇਟੀ ਦੇ ਚੇਅਰਮੈਨ ਬਰਕਤ ਰਾਮ ਨੇ ਕਿਹਾ ਕਿ ਵੱਧ ਤੋਲਣ ਵਾਲੇ ਆੜਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਡੀ ’ਚ ਪਰਵਾਸੀਆਂ ਨੂੰ ਟਰੈਕਟਰ ਫਰਾਟੇ ਨਹੀਂ ਲਗਾਉਣ ਦਿੱਤੇ ਜਾਣਗੇ। ਜੇ ਲਾਉਗੇ ਹਨ ਤਾਂ ਘੱਟਾ ਮੰਡੀ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
