ਐਕਸਪ੍ਰੈੱਸ-ਵੇਅ ਪਿੱਲਰਾਂ ’ਤੇ ਬਣਾਉਣ ਦੀ ਮੰਗ
ਗ੍ਰਾਮ ਪੰਚਾਇਤ ਨਵਾਂ ਪਿੰਡ ਦੋਨੇਵਾਲ, ਟੁਰਨਾ, ਫੁੱਲ, ਘੁੱਦੂਵਾਲ, ਮੱਲ੍ਹੀਵਾਲ, ਮਹਿਮੂਵਾਲ, ਖੋਸਾ, ਮੱਖੀ, ਸਿੰਧੜ, ਕੋਟਲੀ ਕੰਬੋਜ ਅਤੇ ਕੰਗ ਕਲਾਂ ਤੇ ਖੁਰਦ ਦੀਆਂ ਪੰਚਾਇਤਾਂ ਅਤੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸਾਂਝੇ ਵਫਦ ਨੇ ਐੱਸ ਡੀ ਐੱਮ ਸ਼ਾਹਕੋਟ ਨੂੰ ਮੰਗ ਪੱਤਰ ਦੇ ਕੇ ਇਲਾਕੇ ਵਿੱਚੋਂ ਲੰਘ ਰਹੇ ਅੰਮ੍ਰਿਤਸਰ ਤੋਂ ਯਾਮਨਗਰ ਐਕਸਪ੍ਰੈਸ-ਵੇਅ ਨੂੰ ਲੋਹੀਆਂ ਖਾਸ ਤੋਂ ਲੈ ਕੇ ਪੂਨੀਆਂ ਤੱਕ ਪਿੱਲਰਾਂ ’ਤੇ ਉਸਾਰੇ ਜਾਣ ਦੀ ਮੰਗ ਕੀਤੀ। ਐੱਸ ਡੀ ਐੱਮ ਸ਼ੁਭੀ ਆਂਗਰਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਲਦ ਹੀ ਡੀ ਸੀ ਤੇ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਉਣਗੇ। ਵਫ਼ਦ ਨੇ ਕਿਹਾ ਕਿ ਜੇਕਰ ਇਹ ਹਾਈਵੇਅ ਮਿੱਟੀ ’ਤੇ ਉਸਾਰਿਆ ਜਾਂਦਾ ਹੈ ਤਾਂ ਇਹ ਬਰਸਾਤੀ ਮੌਸਮ ਵਿਚ ਭਾਰੀ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ। ਵਫ਼ਦ ਵਿਚ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ, ਪਿੰਡ ਦੋਨੇਵਾਲ ਦੇ ਸਰਪੰਚ ਅਵਤਾਰ ਸਿੰਘ, ਟੁਰਨਾ ਦੇ ਸਰਪੰਚ ਦਰਸ਼ਨ ਸਿੰਘ, ਮਹਿਮੂਵਾਲ ਦੇ ਸਰਪੰਚ ਸਰਬਨ ਸਿੰਘ, ਅਲ੍ਹੀਵਾਲ ਦੇ ਸਰਪੰਚ ਬਲਕਾਰ ਸਿੰਘ, ਨਿਮਾਜੀਪੁਰ ਦੇ ਸਰਪੰਚ ਨਰਿੰਦਰ ਸਿੰਘ ਅਤੇ ਕਿਸਾਨ ਆਗੂ ਰਣਜੀਤ ਸਿੰਘ ਅਲ੍ਹੀਵਾਲ ਆਦਿ ਸ਼ਾਮਲ ਸਨ।