ਪੁਲੀਸ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਵਫ਼ਦ ਐੱਸਐੱਸਪੀ ਨੂੰ ਮਿਲਿਆ
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਅਟਵਾਲ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਲੋਹੀਆਂ ਨੇ ਦੱਸਿਆ ਕਿ ਇਲਾਕੇ ਦੀਆਂ ਕਈ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਸਾਂਝਾ ਵਫ਼ਦ ਐੱਸਐੱਸਪੀ ਜਲੰਧਰ (ਦਿਹਾਤੀ) ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਲੋਹੀਆਂ ਖਾਸ ਦੀ ਪੁਲੀਸ ਵੱਲੋਂ ਪੁਲੀਸ ਧੱਕੇਸਾਹੀਆਂ ਦੇ ਖ਼ਿਲਾਫ਼ ਧਰਨਾ ਲਗਾਉਣ ਵਾਲੇ ਧਰਨਾਕਾਰੀਆਂ ਖ਼ਿਲਾਫ਼ ਦਰਜ ਕੀਤੇ ਕੇਸ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 19 ਜੁਲਾਈ ਨੂੰ ਯੂਨਾਈਟਿਡ ਟਰੇਡ ਯੂਨੀਅਨ ਅਤੇ ਟੈਕਸੀ ਤੇ ਛੋਟਾ ਹਾਥੀ ਡਰਾਈਵਰਾਂ ਅਤੇ ਮਾਲਕਾਂ ਨੇ ਗਿੱਦੜਪਿੰਡੀ ਦੇ ਪੁਲ ਨਜ਼ਦੀਕ ਪੁਲੀਸ ਧੱਕੇਸਾਹੀਆਂ ਖ਼ਿਲਾਫ਼ ਧਰਨਾ ਲਾਇਆ ਸੀ। ਤਤਕਾਲੀ ਥਾਣਾ ਮੁਖੀ ਲਾਭ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਥਾਣਾ ਲੋਹੀਆਂ ਦਾ ਕੋਈ ਵੀ ਪੁਲੀਸ ਮੁਲਾਜ਼ਮ ਕਿਸੇ ਵੀ ਡਰਾਈਵਰ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਨਹੀਂ ਕਰੇਗਾ। ਅਗਲੇ ਹੀ ਦਿਨ ਉਨ੍ਹਾਂ ਨੇ ਆਪਣੇ ਕੀਤੇ ਵਾਅਦੇ ਤੋਂ ਉਲਟ ਜਾ ਕੇ ਕੁਝ ਧਰਨਾਕਾਰੀਆਂ ਦੇ ਨਾਮ ’ਤੇ ਅਤੇ ਕਰੀਬ 150 ਅਣਪਛਾਤੇ ਵਿਅਕਤੀਆਂ ਉੱਪਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੋਹੀਆਂ ਪੁਲੀਸ ਦੇ ਮੁਲਾਜ਼ਮ ਗਿੱਦੜਪਿੰਡੀ ਵਾਲੇ ਪੁਲ ਨਜ਼ਦੀਕ ਨਾਕਾ ਲਗਾ ਕੇ ਛੋਟਾ ਹਾਥੀ, ਫੋਰ ਵ੍ਹੀਲਰਾਂ ਅਤੇ ਟੈਕਸੀ ਡਰਾਈਵਰਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਇਸ ਕਾਰਨ ਡਰਾਈਵਰਾਂ ਤੇ ਮਾਲਕਾਂ ਵੱਲੋਂ ਧਰਨਾ ਲਗਾਇਆ ਗਿਆ ਸੀ। ਐੱਸਐੱਸਪੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਪੜਤਾਲ ਕਰਵਾ ਕੇ ਪੂਰਾ ਇਨਸਾਫ਼ ਕਰਨਗੇ। ਵਫ਼ਦ ਵਿੱਚ ਯੂਨਾਈਟਡ ਟ੍ਰੇਡ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸ਼ਾਮਲ ਸਨ।